ਲਖਵਿੰਦਰ ਸਿੰਘ
ਮਲੋਟ, 5 ਜੁਲਾਈ
ਦਾਨੇਵਾਲਾ ਚੌਂਕ ‘ਚ ਸਥਿਤ 450 ਬੱਚਿਆਂ ਦੀ ਸਮਰੱਥਾ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਬੱਚਿਆਂ ਦੀ ਸਿਹਤ , ਸਕੂਲ ਦੀ ਇਮਾਰਤ ਅਤੇ ਪੀਣਯੋਗ ਪਾਣੀ ਆਦਿ ਦੀ ਸਮੱਸਿਆ ਬਾਰੇ ਕੁੱਝ ਮੰਗਾਂ ਤੋਂ ਜਾਣੂ ਕਰਾਇਆ ਗਿਆ ਸੀ ਪਰ ਕਰੀਬ 3 ਮਹੀਨਿਆਂ ਉਪਰੰਤ ਵੀ ਕਿਸੇ ਅਧਿਕਾਰੀ ਨੇ ਸਕੂਲ ਦੀਆਂ ਇਨ੍ਹਾਂ ਮੰਗਾਂ ਤੇ ਮੁਸ਼ਕਲਾਂ ਦਾ ਨਿਪਟਾਰਾ ਤਾਂ ਦੂਰ ਸਗੋਂ ਚਿੱਠੀ ਪੱਤਰ ਰਾਹੀਂ ਜਵਾਬ ਦੇਣਾ ਵੀ ਵਾਜਬ ਨਹੀਂ ਸਮਝਿਆ।
ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕਈ ਮਹੀਨੇ ਪਹਿਲਾਂ ਵਿਭਾਗ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਬੱਚਿਆਂ ਲਈ ਆਰਓ ਤੇ ਪਾਈ ਦੀ ਸਟੋਰੇਜ ਲਈ ਵੱਡੀ ਟੈਂਕੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਤਿੰਨ ਕਮਰਿਆਂ ਦੀ ਉਸਾਰੀ ਕਰਾਉਣ ਦੀ ਵੀ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਮਰੱਥਾ ਦੇ ਮੱਦੇਨਜ਼ਰ ਸਕੂਲ ਵਿੱਚ ਇਕ ਹੋਰ ਵਾਟਰਵਰਕਸ ਕੁਨੈਕਸ਼ਨ ਅਤੇ ਰਸੋਈ ਘਰ ਤੋਂ ਇਲਾਵਾ ਮੁੱਖ ਮਾਰਗ ਤੋਂ ਸਕੂਲ ਤੱਕ ਕਰੀਬ 150 ਮੀਟਰ ਸੜਕ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਅਤੇ ਕੈਬਨਿਟ ਮੰਤਰੀ ਨੂੰ ਵੀ ਸਕੂਲ ਦੀਆਂ ਉਕਤ ਸਾਰੀਆਂ ਮੰਗਾਂ ਤੋਂ ਜਾਣੂ ਕਰਾਇਆ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ’ਤੇ ਜ਼ੋਰ ਦੇ ਰਹੀ ਹੈ ਪਰ ਸਕੂਲਾਂ ਤੇ ਬੱਚਿਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।
ਮਸਲਾ ਧਿਆਨ ਵਿੱਚ ਹੈ: ਜ਼ਿਲ੍ਹਾ ਸਿੱਖਿਆ ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਉਕਤ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈੇ। ਉਨ੍ਹਾਂ ਐਸਟੀਮੇਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ। ਉਨ੍ਹਾਂ ਜਲਦੀ ਹੀ ਮਸਲਾ ਹੱਲ ਹੋਣ ਦੀ ਆਸ ਪ੍ਰਗਟਾਈ।