ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 1 ਜੁਲਾਈ
ਬਠਿੰਡਾ-ਬਰਨਾਲਾ ਰੋਡ ’ਤੇ ਪਿੰਡ ਲਹਿਰਾ ਧੂਰਕੋਟ ਨੇੜੇ ਸ਼ਕਤੀ ਰਿਜ਼ੌਰਟ ਸਾਹਮਣੇ ਬੈਂਕ ਵੱਲੋਂ ਸੀਲ ਕੀਤੀ ਗਈ ਫੈਕਟਰੀ ਵਿੱਚੋਂ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂੁਮ ਤੋਂ ਸੂਚਨਾ ਮਿਲੀ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਇੱਕ ਫੈਕਟਰੀ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸਹਾਰਾ ਦੀ ਟੀਮ ਘਟਨਾ ਸਥਾਨ ’ਤੇ ਪਹੁੰਚ ਕੇ ਡੀਐੱਸਪੀ ਜਸਕਰਨ ਸਿੰਘ ਅਤੇ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਮਨਜੀਤ ਸਿੰਘ ਦੀ ਮੌਜੂਦਗੀ ਵਿੱਚ ਲਾਸ਼ ਨੂੰ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਬਾਬੂ ਸਿੰਘ ਉਮਰ 65 ਸਾਲ ਪੁੱਤਰ ਚੰਦ ਸਿੰਘ ਪਿੰਡ ਵਾਸੀ ਦੌਲਤਪੁਰਾ (ਗੋਸਲ) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗੁਰਬਚਨ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਉਸ ਦਾ ਭਰਾ ਇਸ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਏਐੱਸਆਈ ਚਮਕੌਰ ਸਿੰਘ ਨੇ ਕਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਦੇ ਮੁਰਦਾ ਘਰ ’ਚ ਰਖਵਾ ਦਿੱਤੀ ਹੈ।