ਰਵਿੰਦਰ ਰਵੀ
ਬਰਨਾਲਾ, 30 ਜੁਲਾਈ
ਇੱਥੇ ਅੱਜ ਤੜਕਸਾਰ ਪਈ ਭਾਰੀ ਬਰਸਾਤ ਨੇ ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਪਾਏ ਸੀਵਰੇਜ ਦੇ ਬਾਵਜੂਦ ਅੱਜ ਹਰ ਸੀਵਰੇਜ ਓਵਰਫਲੋਅ ਹੋ ਜਾਣ ਕਾਰਨ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ’ਚ ਗੰਦਾ ਪਾਣੀ ਵੜ ਗਿਆ। ਨਗਰ ਕੌਂਸਲ ਅਤੇ ਨਗਰ ਸੁਧਾਰ ਵੱਲੋਂ ਕਰੋੜਾਂ ਰੁਪਏ ਸੜਕਾਂ ਦੇ ਨਾਮ ’ਤੇ ਖਰਚ ਕਰਕੇ ਕੀਤੇ ਵਿਕਾਸ ਕਾਰਜਾਂ ਦੀ ਵੀ ਬਰਸਾਤ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ। ਰੇਲਵੇ ਸਟੇਸ਼ਨ ਕੋਲ ਨਹਿਰੂ ਦੇ ਬੁੱਤ ਲਾਗੇ ਮੁੱਖ ਸਦਰ ਬਾਜ਼ਾਰ ’ਚ ਦੋ ਦੋ ਫੁੱਟ ਪਾਣੀ ਖੜ੍ਹਾ ਹੋ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਿੱਚ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਸੀਵਰੇਜ ਵਿਭਾਗ ਅਤੇ ਨਗਰ ਕੌਂਸਲ ਦੀ ਬਦਇੰਤਜ਼ਾਮੀ ਕਾਰਨ ਕਈ ਘਰਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਵੜ ਗਿਆ ਜਿਸ ਕਾਰਨ ਘਰਾਂ ਦਾ ਸਾਮਾਨ ਖਰਾਬ ਹੋ ਗਿਆ ਅਤੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ। ਨਗਰ ਕੌਂਸਲ ਪ੍ਰਧਾਨ ਦੇ ਕੰਮਕਾਰ ’ਤੇ ਸੁਆਲੀਆਂ ਚਿੰਨ੍ਹ ਲਾਉਦਿਆਂ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮ ਨਿਵਾਸੀਆ ਵੱਲੋਂ ਸ਼ਹਿਰ ’ਚ ਕਰੋੜਾਂ ਰੁਪਏ ਵਿਕਾਸ ਕਾਰਜ ਕਰਵਾਉਣ ਦਾ ਢਿੰਡੋਰਾ ਤਾਂ ਪਿੱਟਿਆ ਜਾ ਰਿਹਾ ਹੈ ਪਰ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੌਂਸਲ ਦੇ ਵਿਕਾਸ ਕਾਰਜਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।
ਅੱਜ ਦੇ ਮੀਂਹ ਕਾਰਨ ਸਭ ਤੋਂ ਮਾੜੀ ਹਾਲਤ ਨਗਰ ਸੁਧਾਰ ਟਰੱਸਟ ਅਧੀਨ ਆਉਂਦੀਆਂ ਕਾਲੋਨੀਆਂ ਅਤੇ ਬੱਸ ਸਟੈਂਡ ਅੰਦਰ ਪਏ ਟੋਏ ਅਤੇ ਟੁੱਟੀਆਂ ਸੜਕਾਂ ’ਚ ਭਰਿਆ ਬਰਸਾਤੀ ਪਾਣੀ ਟਰੱਸਟ ਦੇ ਚੇਅਰਮੈਨ ਦੇ ਦਆਵਿਆਂ ਦੀ ਪੋਲ ਖੋਲ੍ਹਣ ਲਈ ਕਾਫ਼ੀ ਸੀ।
ਸ਼ਹਿਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਸ਼ਹਿਰ ’ਚ ਵਿਕਾਸ ਕਾਰਜਾਂ ਦੇ ਨਾਮ ’ਤੇ ਜੋ ਲੁੱਟ ਮਚਾਈ ਗਈ ਗਈ ਹੈ ਉਸ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਇਸ ਸਬੰਧੀ ਸੀਵਰੇਜ ਵਿਭਾਗ ਦੇ ਐਸਡੀਓ ਰਾਜਿੰਦਰ ਕੁਮਾਰ ਨੇ ਦਾਅਵਾ ਕਰਦਿਆਂ ਕਿਹਾ ਕਿ ਬਾਕੀ ਸ਼ਹਿਰਾਂ ਨਾਲੋਂ ਬਰਨਾਲਾ ਵਿਖੇ ਸੀਵਰੇਜ ਦੇ ਪ੍ਰਬੰਧ ਬਹੁਤ ਵਧੀਆ ਹਨ ਅਤੇ ਬਰਸਾਤੀ ਪਾਣੀ ਜਲਦੀ ਨਿਕਲ ਗਿਆ।
ਮੀਂਹ ਕਾਰਨ ਘਰ ਦੀ ਛੱਤ ਡਿੱਗੀ; ਦੋ ਲੜਕੀਆਂ ਜ਼ਖ਼ਮੀ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਰਾਧਾ ਸਵਾਮੀ ਗਲੀ, ਜੰਡਾ ਵਾਲਾ ਰੋਡ ’ਤੇ ਸਥਿਤ ਗਰੀਬ ਪਰਿਵਾਰ ਦੇ ਘਰ ਦੀ ਛੱਡ ਡਿੱਗਣ ਕਾਰਨ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋ ਗਏ। ਪਰਿਵਾਰ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਟਾਇਲ ਬਾਲਿਆਂ ਦੀ ਪੁਰਾਣੀ ਛੱਤ ਸੀ, ਜੋ ਮੀਂਹ ਕਾਰਨ ਡਿੱਗ ਗਈ। ਇਸ ਹਾਦਸੇ ਵਿੱਚ ਉਸ ਦੀਆਂ ਦੋ ਧੀਆਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਉਹ ਬਹੁਤ ਗਰੀਬ ਹਨ, ਆਟੋ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਗੁਆਢੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਫੌਰੀ ਵਿੱਤੀ ਮਦਦ ਕੀਤੀ ਜਾਵੇ।