ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 6 ਮਾਰਚ
ਪਿੰਡ ਖਾਰਾ ਤੇ ਪੱਛਮੀ ਖਾਰਾ ਦੇ ਵਸਨੀਕ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਗਏ ਹਨ। ਇਸ ਸਬੰਧੀ ਪਿੰਡ ਖਾਰਾ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠ ਕਰਕੇ ਨਸ਼ਿਆਂ ਦੀ ਰੋਕਥਾਮ ਲਈ ਮਤਾ ਪਾਸ ਕੀਤਾ ਹੈ। ਪਿੰਡ ਖਾਰਾ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਉਹ ਪਿੰਡ ’ਚ ਨਸ਼ੇ ਦੇ ਪਸਾਰ ਤੋਂ ਬਹੁਤ ਦੁਖੀ ਹਨ। ਉਹ ਨਸ਼ੇ ਦੀ ਰੋਕਥਾਮ ਲਈ ਤਿੰਨ ਵਾਰ ਡੀਸੀ ਦਫਤਰ ਤੇ ਦੋ ਵਾਰ ਐੱਸਐੱਸਪੀ ਦਫਤਰ ਆਪਣੀ ਫਰਿਆਦ ਲੈ ਕੇ ਗਏ ਕਿ ਉਨ੍ਹਾਂ ਦੇ ਪਿੰਡ ’ਚ ਨਸ਼ਾ ਵਿਕਣਾ ਬੰਦ ਕਰਵਾਇਆ ਜਾਵੇ ਪਰ ਕਿਸੇ ਵੀ ਅਧਿਕਾਰੀ ਦਾ ਕੋਈ ਸਹਿਯੋਗ ਨਹੀਂ ਮਿਲਿਆ ਜਿਸ ਕਰਕੇ ਪੰਚਾਇਤਾਂ ਤੇ ਤਿੰਨ ਯੂਥ ਕਲੱਬਾਂ ਨੂੰ ਮਤਾ ਪਾਸ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨ ਲਗਾਤਾਰ ਚਿੱਟੇ ਦੀ ਲਪੇਟ ਵਿੱਚ ਆ ਰਹੇ ਹਨ ਤੇ ਨਸ਼ਾ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਸਾਰਿਆਂ ਨੂੰ ਇਕੱਠਾ ਹੋਣਾ ਪਾਵੇਗਾ।
ਇਸ ਦੌਰਾਨ ਸਮੂਹ ਪੰਚਾਇਤਾਂ ਨੇ ਸਾਂਝੇ ’ਤੇ ਫ਼ੈਸਲਾ ਕੀਤਾ ਕਿ ਜੇਕਰ ਕੋਈ ਪਿੰਡ ’ਚ ਨਸ਼ਾ ਵੇਚਦਾ ਹੈ ਜਾਂ ਫੇਰ ਕੋਈ ਦੂਜੇ ਪਿੰਡ ਦਾ ਕੋਈ ਵਿਅਕਤੀ ਇਸ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ ਜਾਂ ਕੋਈ ਨਸ਼ਾ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ। ਉਪਰੰਤ ਪਿੰਡ ‘ਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਨੇ ਇਸ ਮਤੇ ਬਾਰੇ ਅਗਿਆਨਤਾ ਪ੍ਰਗਟਾਈ ਹੈ। ਦੱਸਣਯੋਗ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਪਿੰਡ ਹਰੀਨੌਂ ਦੀ ਪੰਚਾਇਤ ਨੇ ਵੀ ਇਕੱਠ ਕਰਕੇ ਨਸ਼ੇ ਖਤਮ ਕਰਨ ਲਈ ਕਮਰਕੱਸੀ ਸੀ ਤੇ ਮਤਾ ਪਾਸ ਕਰਕੇ ਪੁਲੀਸ ਨੂੰ ਭੇਜਿਆ ਸੀ। ਪੁਲੀਸ ਅਧਿਕਾਰੀਆਂ ਨੇ ਪਿੰਡ ਪਹੁੰਚ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲਾਤ ਨਹੀਂ ਸੁਧਰੇ। ਫ਼ਰੀਦਕੋਟ ਜ਼ਿਲ੍ਹੇ ਦੇ 3 ਹੋਰ ਪਿੰਡਾਂ ਨੇ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਹੋਏ ਹਨ।
‘ਨਸ਼ਾ ਵੇਚਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਸਹਿਯੋਗ ਨਹੀਂ ਕੀਤਾ’
ਹਰੀਨੌਂ ਦੀ ਪੰਚਾਇਤ ਮੈਂਬਰ ਜਸਬੀਰ ਕੌਰ ਨੇ ਦੱਸਿਆ ਕਿ ਪੰਚਾਇਤ ਨੇ ਆਪਣੇ ਪੱਧਰ ’ਤੇ ਉਪਰਾਲੇ ਕੀਤੇ। ਕੁਝ ਹੱਦ ਤੱਕ ਨਸ਼ੇ ’ਤੇ ਨਕੇਲ ਵੀ ਹੈ ਪਰ ਮੁਕੰਮਲ ਤੌਰ ’ਤੇ ਨਸ਼ਾ ਬੰਦ ਇਸ ਕਰਕੇ ਬੰਦ ਨਹੀਂ ਹੋ ਸਕਿਆ ਕਿਉਂਕਿ ਨਸ਼ਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਪੰਚਾਇਤ ਨੂੰ ਬਿਲਕੁਲ ਸਹਿਯੋਗ ਨਹੀਂ ਕਰ ਰਹੇ। ਕਾਂਗਰਸ ਸਰਕਾਰ ਨੇ ਆਪਣੇ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ। ਸਰਕਾਰੀ ਤੌਰ ’ਤੇ ਉਨ੍ਹਾਂ ਪਰਿਵਾਰਾਂ ਦੀ ਕੌਂਸਲਿੰਗ ਵੀ ਕਰਵਾਈ ਹੈ।