ਪੱਤਰ ਪ੍ਰੇਰਕ
ਗਿੱਦੜਬਾਹਾ, 22 ਦਸੰਬਰ
ਹਲਕਾ ਵਿਧਾਇਕ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਹਲਕੇ ਦੇ ਪਿੰਡ ਖੁੰਨਣ ਖੂਰਦ ਵਿੱਚ ਕਰੀਬ 1 ਕਰੋੜ 77 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਹਲਕਾ ਗਿੱਦੜਬਾਹਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ 30 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਕੁਝ ਤੇ ਕੰਮ ਜਾਰੀ ਹੈ ਅਤੇ 6 ਕਰੋੜ ਰੁਪਏ ਦੇ ਟੈਂਡਰ ਲੱਗੇ ਹੋਏ ਹਨ, ਜਿਨ੍ਹਾਂ ਦਾ ਕੰਮ ਆਉਂਦੇ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਖੁੰਨਣ ਖੁਰਦ ਵਿੱਚ ਬਣਨ ਵਾਲੇ ਵਾਟਰ ਵਰਕਸ ਸਬੰਧੀ ਜਾਣਕਾਰੀ ਦਿੰਦੇ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਅਤੇ ਐੱਸਡੀਓ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਵਾਟਰ ਵਰਕਸ ਦੇ ਨਿਰਮਾਣ ਦੇ ਨਾਲ ਹੀ ਪਿੰਡ ਵਿੱਚ 16 ਕਿਲੋਮੀਟਰ ਨਵੀਂ ਪਾਈਪਲਾਈਨ ਪਾਈ ਜਾਵੇਗੀ ਅਤੇ ਵਾਟਰ ਵਰਕਸ ਨੂੰ ਪਾਣੀ ਦੀ ਸਪਲਾਈ ਦੇਣ ਲਈ ਸਰਹਿੰਦ ਫੀਡਰ ਨਹਿਰ ਤੋਂ 4 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ। ਵਾਟਰ ਵਰਕਸ ਦੇ ਪਾਣੀ ਦੇ ਟੈਂਕਾਂ ਵਿੱਚ 30.57 ਲੱਖ ਲੀਟਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੋਵੇਗੀ।
ਸ਼ਹਿਣਾ (ਪੱਤਰ ਪ੍ਰੇਰਕ) ਬਲਾਕ ਸਮਿਤੀ ਸ਼ਹਿਣਾ ਦੇ ਚੇਅਰਮੈਨ ਪਰਮਜੀਤ ਸਿੰਘ ਮੌੜ ਨੇ ਪਿੰਡ ਮੌੜ ਨਾਭਾ ਵਿੱਚ ਸੀਵਰੇਜ ਪਾਏ ਜਾਣ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਸਰਪੰਚ ਸੁਰਜੀਤ ਸਿੰਘ ਸੀਤਾ ਵੀ ਹਾਜ਼ਰ ਸਨ। ਲਗਪਗ 1900 ਫੁੱਟ ਲੰਬਾ ਸੀਵਰੇੇਜ ਪਾਏ ਜਾਣ ਨਾਲ ਪਾਣੀ ਦਾ ਨਿਕਾਸ ਵੀ ਸਹੀ ਢੰਗ ਨਾਲ ਹੋਵੇਗਾ ਅਤੇ ਛੱਪੜ ਦਾ ਓਵਰਫਲੋ ਹੋਣਾ ਵੀ ਘਟ ਜਾਵੇਗਾ।
ਕੋਟਭਾਈ ਨੇ 1.67 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਭੁੱਚੋ ਮੰਡੀ (ਪੱਤਰ ਪ੍ਰੇਰਕ) ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ 1.67 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਤੇ ਪਛੜੀ ਸ਼ੇਣੀ ਦੇ ਵਿਅਕਤੀਆਂ ਨੂੰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਵੰਡੇ। ਉਨ੍ਹਾਂ ਹਲਕੇ ਦੇ ਭਾਰੀ ਵਿਕਾਸ ਦਾ ਭਰੋਸਾ ਦਿੱਤਾ ਤੇ ਵਿਕਾਸ ਦੇ ਨਾਂ ’ਤੇ ਕਾਂਗਰਸ ਪਾਰਟੀ ਲਈ ਵੋਟਾਂ ਮੰਗੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੌਨੀ ਬਾਂਸਲ ਤੇ ਮਾਰਕੀਟ ਕਮੇਟੀ ਦੇ ਉਪ ਚੇਅਰਮੇਨ ਵਰਿੰਦਰ ਗਰਗ ਨੇ ਦੱਸਿਆ ਕਿ 20.40 ਲੱਖ ਰੁਪਏ ਦੀ ਲਾਗਤ ਨਾਲ ਸ਼ਮਸਾਨਘਾਟ, 21.50 ਲੱਖ ਨਾਲ ਪੰਚਾਇਤੀ ਧਰਮਸ਼ਾਲਾ, 75 ਹਜ਼ਾਰ ਰੁਪਏ ਨਾਲ ਗਿਆਨੀ ਮਾਰਕੀਟ ਵਾਲੀ ਸੜਕ, 50 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਕੰਨਿਆ ਹਾਈ ਸਕੂਲ ਤੋਂ ਪਿੰਡ ਬੁਰਜ ਕਾਹਨ ਸਿੰਘ ਵਾਲਾ ਤੱਕ ਸੜਕ ਦਾ ਨਵੀਨੀਕਰਨ ਕੀਤਾ ਜਾਵੇਗਾ।