ਰਵਿੰਦਰ ਰਵੀ
ਬਰਨਾਲਾ, 18 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ ਅੱਜ ਕਿਸਾਨ ਔਰਤ ਦਿਵਸ ਮੌਕੇ ਧਨੌਲਾ ਅਨਾਜ ਮੰਡੀ ’ਚ ਹਜ਼ਾਰਾਂ ਦੀ ਤਦਾਦ ’ਚ ਔਰਤਾਂ ਦਾ ਇਕੱਠ ਹੋਇਆ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਂਣ ਲਈ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੈਲੀ ਦਾ ਮੁੱਖ ਨਿਸ਼ਾਨਾ ਬਿਨਾਂ ਸ਼ੱਕ ਮੋਦੀ ਦੇ ਕਾਰਪੋਰੇਟ ਸਾਮਰਾਜੀ ਗੱਠਜੋੜ ਹੀ ਸੀ। ਰੈਲੀ ਨੂੰ ਕਿਸਾਨ ਬੀਬੀਆਂ ਸੁਖਦੀਪ ਕੌਰ ਭੈਣੀ ਜੱਸਾ, ਬਲਜੀਤ ਕੌਰ ਭੱਠਲ, ਕੰਵਲਜੀਤ ਕੌਰ, ਗੁਰਵਿੰਦਰ ਕੌਰ ਕਾਲੇਕੇ, ਹਰਵਿੰਦਰ ਕੌਰ, ਜਸਨਦੀਪ ਕੌਰ, ਹਰਜਿੰਦਰ ਕੌਰ ਬਲਾਕ ਕਨਵੀਨਰ, ਕੋਮਲ ਕੁਮਾਰੀ,ਸੰਦੀਪ ਕੌਰ ਪੱਤੀ ਨੇ ਕਿਹਾ ਕਿ ਇਹ ਰੈਲੀ ਭਾਜਪਾ ਆਗੂ ਤੇ ਕਿਸਾਨ ਵਿਰੋਧੀ ਹਰਜੀਤ ਸਿੰਘ ਗਰੇਵਾਲ ਦੇ ਪਿੰਡ ਧਨੌਲਾ ’ਚ ਰੱਖੀ ਗਈ ਹੈ ਕਿਉਂਕਿ ਗਰੇਵਾਲ ਵੱਲੋਂ ਕਿਸਾਨਾਂ ਦੇ ਸੰਘਰਸ਼ ਖ਼ਿਲਾਫ਼ ਵਰਤੀ ਜਾ ਰਹੀ ਸ਼ਬਦਾਬਲੀ ਕਾਫ਼ੀ ਨਿਦਣਯੋਗ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸਮੂਹ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਹਜ਼ਾਰਾਂ ਔਰਤਾਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ’ਚ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੈੜਾ ਵਿਖੇ ਰੋਸ ਭਰਪੂਰ ਰੈਲੀ ਕਰਕੇ ਜਿੱਥੇ ਮੋਦੀ ਹਕੂਮਤ ਨੂੰ ਵੰਗਾਰਿਆ ਗਿਆ ਉਥੇ ਪੰਜਾਬ ਨਾਲ ਸਬੰਧਤ ਉਕਤ ਭਾਜਪਾ ਆਗੂਆਂ ਨੂੰ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਬਦਲੇ ਲਾਹਨਤਾਂ ਪਾਈਆਂ ਗਈਆਂ। ਰੈਲੀ ਨੂੰ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਬਠਿੰਡਾ, ਕੁਲਦੀਪ ਕੌਰ ਕੁੱਸਾ ਮੋਗਾ, ਮਹਿਲਾ ਖੇਤ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੀ ਸੰਬੋਧਨ ਕੀਤਾ।
ਮੋਗਾ ਤੋਂ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਜਿਆਣੀ ਦੇ ਘਰ ਵੱਲ ਚਾਲੇ ਪਾਏ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਸਾਂਝੇ ਕਿਸਾਨ ਮੋਰਚੇ ਦੇ ਸੱਦੇ ਉੱਤੇ ਜ਼ਿਲ੍ਹੇ ਭਰ ’ਚ ਕਿਸਾਨ ਔਰਤ ਦਿਹਾੜਾ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਮਾਗਮਾਂ ਵਿੱਚ ਪੰਜਾਬ, ਦੇਸ਼ ਅਤੇ ਦੁਨੀਆਂ ਦੀਆਂ ਮਹਾਨ ਔਰਤਾਂ ਮਾਤਾ ਗੁਜਰੀ, ਮਾਈ ਭਾਗੋ, ਗ਼ਦਰੀ ਗੁਲਾਬ ਕੌਰ, ਦੁਰਗਾ ਭਾਬੀ ਜੁਝਾਰੂ ਔਰਤਾਂ ਇਤਿਹਾਸ ਬਿਆਨਦੀਆਂ ਤਸਵੀਰਾਂ ਖਿੱਚ ਦਾ ਕੇਂਦਰ ਰਹੀਆਂ। ਇਪਟਾ ਮੋਗਾ ਅਤੇ ਲਾਈਫ ਆਨ ਸਟੇਜ ਦੇ ਕਲਾਕਾਰਾਂ ਅਵਤਾਰ ਚੜਿੱਕ, ਇਕਬਾਲ ਚੜਿੱਕ, ਜਸ ਰਿਆਜ਼, ਗੋਰਾ ਖੋਸਾ ਪਾਂਡੋ ਅਤੇ ਸਬਰਾਜ ਖੋਸਾ ਨੇ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਮੌਕੇ ਜੁਝਾਰੂ ਕਰਮਵੀਰ ਕੌਰ ਬੱਧਨੀ, ਸੁਰਿੰਦਰ ਕੌਰ ਢੁੱਡੀਕੇ, ਸਰਬਜੀਤ ਕੌਰ ਖੋਸਾ, ਗੁਰਚਰਨ ਕੌਰ ਮੋਗਾ, ਜਸਪ੍ਰੀਤ ਕੌਰ ਬੱਧਨੀ, ਐਡਵੋਕੇਟ ਪਵਨਦੀਪ ਕੌਰ, ਅਨੀਤਾ ਰਾਣੀ, ਬਲਜੀਤ ਕੌਰ ਬਰਾੜ ਅਤੇ ਪਰਮਜੀਤ ਕੌਰ ਧੂੜ੍ਰਕੋਟ ਨੇ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿੱਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੁਗਲ ਤੇ ਅੰਗਰੇਜ਼ ਹਕੂਮਤ ਵਾਂਗ ਵਿਹਾਰ ਕਰਦੀ ਮੋਦੀ ਸਰਕਾਰ ਵਿਰੁੱਧ ਔਰਤਾਂ ਮਾਈ ਭਾਗੋ ਅਤੇ ਗ਼ਦਰੀ ਗੁਲਾਬ ਕੌਰ ਬਣਕੇ ਟੱਕਰਣਗੀਆਂ। ਇਥੇ ਸਰਕਾਰੀ ਆਈਟੀਆਈ ਵਿਖੇ ਕਿਸਾਨ ਪਰੇਡ ਦੀ ਤਿਆਰੀ ਵਜੋਂ ਰੈਲੀ ਕੀਤੀ ਗਈ।
ਮਹਿਲਾ ਆਗੂ ਸਮਰਥਕਾਂ ਸਮੇਤ ਦਿੱਲੀ ਰਵਾਨਾ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਇੱਥੋਂ ਦੀ ਸੀਨੀਅਰ ਮਹਿਲਾ ਆਗੂ ਆਪਣੇ ਸਮਰਥਕਾਂ ਸਮੇਤ ਅੱਜ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਭਾਗ ਲਈ ਰਵਾਨਾ ਹੋਏ। ਇਸ ਮੌਕੇ ’ਤੇ ਉਹਨਾਂ ਦੇ ਨਾਲ ਚਰਨਜੀਤ ਕੌਰ, ਦਲਬੀਰ ਕੌਰ, ਗੁਰਪ੍ਰੀਤ ਕੌਰ, ਸਰਵਜੀਤ ਕੌਰ ਅਤੇ ਕੁਲਵੰਤ ਕੌਰ ਸਮੇਤ ਹੋਰ ਮਹਿਲਾਵਾਂ ਵੀ ਸਨ। ਇਸ ਮੌਕੇ ’ਤੇ ਦਰਸ਼ਨ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਉਹ ਤੀਜੀ ਵਾਰ ਜਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਤੱਕ ਕਿਸਾਨ ਅੰਦੋਲਨ ਚੱਲੇਗਾ ਉਹ ਦਿੱਲੀ ਹੀ ਰਹਿਣਗੇ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਵੀ ਹਿੱਸਾ ਲੈਣਗੇ।