ਪਰਮਜੀਤ ਸਿੰਘ
ਫਾਜ਼ਿਲਕਾ, 20 ਫਰਵਰੀ
ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਨੂੰ ਲੈ ਕੇ ਆਲੇ-ਦੁਆਲੇ ਦੇ 14 ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੈਂਬਰ ਵੀ ਧਰਨੇ ’ਤੇ ਡਟੇ ਹੋਏ ਹਨ। ਇਸ ਮੌਕੇ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਕਿਹਾ ਕਿ ਉਹ ਪਿੰਡਾਂ ਦੇ ਲੋਕਾਂ ਦੇ ਨਾਲ ਹਨ ਅਤੇ ਇਸ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਜੋ ਵੀ ਕਦਮ ਚੁੱਕਣਾ ਪਿਆ, ਉਹ ਹਮੇਸ਼ਾਂ ਤਿਆਰ ਰਹਿਣਗੇ। ਪਿੰਡਾਂ ਦੇ ਲੋਕ ਸ਼ਰਾਬ ਫੈਕਟਰੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਫੈਕਟਰੀ ਦਾ ਕੰਮ ਬੰਦ ਕਰਵਾਉਣ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਪਿੰਡ ਬੇਗਾਂ ਵਾਲੀ, ਹੀਰਾਂ ਵਾਲੀ, ਖੂਈਖੇੜਾ, ਕਿੱਕਰਵਾਲੀ, ਕਬੂਲਸ਼ਾਹ, ਰਾਮਕੋਟ, ਬੋਦੀਵਾਲਾ, ਸ਼ਤੀਰ ਵਾਲਾ, ਢਾਬਾਂ, ਕੇਰੀਆਂ ਅਤੇ ਕਈ ਹੋਰਨਾਂ ਪਿੰਡਾਂ ਦੇ ਵਾਸੀ ਅਤੇ ਕਿਸਾਨਾਂ ਅਨਿਲ ਕੁਮਾਰ ਝੀਂਝਾ, ਵਿਕਾਸ ਝੀਂਝਾ, ਅਸ਼ਵਨੀ ਕੁਮਾਰ ਸਵਾਮੀ, ਸਤਪਾਲ ਸ਼ਰਮਾ, ਹੀਰਾਂ ਵਾਲੀ ਦੇ ਸਰਪੰਚ ਅਨਿਲ ਕੁਮਾਰ, ਬਲਰਾਮ ਸੁਥਾਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ ਅਤੇ ਜੇਕਰ ਉਕਤ ਸ਼ਰਾਬ ਫੈਕਟਰੀ ਲੱਗਦੀ ਹੈ ਤਾਂ ਪਾਣੀ ਪੀਣ ਦੇ ਤਾਂ ਕੀ ਖੇਤਾਂ ਨੂੰ ਲਗਾਉਣ ਦੇ ਕਾਬਲ ਵੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਫੈਕਟਰੀ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਵੀ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।