ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਨਸ਼ਾ ਤਸਕਰੀ ਦੇ ਦੋਸ਼ ’ਚ ਲੁਧਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਨੇ ਰਾਜਸਥਾਨ ਦੀ ਜੋਧਪੁਰ ਪੁਲੀਸ ਕੋਲ ਲੁਧਿਆਣਾ ਦੇ ਪੁਲੀਸ ਮੁਲਾਜ਼ਮਾਂ ਦੀ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਪੰਜਾਬ ਪੁਲੀਸ ਦੇ 10 ਕਰਮੀਆਂ ’ਤੇ ਰਾਜਸਥਾਨ ਦੀ ਜੋਧਪੁਰ ਪੁਲੀਸ ਨੇ ਅਗਵਾ, ਵਸੂਲੀ ਕਰਨ ਦੇ ਨਾਲ ਨਾਲ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਹੁਣ ਜੋਧਪੁਰ ਦੀ ਪੁਲੀਸ ਕਿਸੇ ਸਮੇਂ ਵੀ ਲੁਧਿਆਣਾ ਆ ਸਕਦੀ ਹੈ, ਜਦੋਂ ਕਿ ਪੁਲੀਸ ਕਮਿਸ਼ਨਰ ਲੁਧਿਆਣਾ ਆਪਣੇ ਸਾਥੀਆਂ ਨੂੰ ਬਚਾਉਣ ਲਈ ਲੱਗ ਗਈ ਹੈ। ਜੋਧਪੁਰ ਦੇ ਝੰਵਰ ਵਾਸੀ ਭੀਖਾ ਰਾਮ ਦੀ ਸ਼ਿਕਾਇਤ ’ਤੇ ਜੋਧਪੁਰ ਪੁਲੀਸ ਨੇ ਇੰਦਰਜੀਤ ਸਿੰਘ, ਏਐਸਆਈ ਸੁਮੇਧ ਸਿੰਘ, ਮਨਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ, ਰਾਜ ਕੁਮਾਰ ਤੇ ਹੋਰਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।