ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 10 ਮਈ
ਪਿਛਲੇ ਦਿਨੀ ਪਿੰਡ ਬੌਡੇ ਸਥਿਤ ਪੈਟਰੋਲ ਪੰਪ ’ਤੇ ਕੰਮ ਕਰਦੇ ਨੌਜਵਾਨ ਜੁਗਿੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪਿੰਡ ਸੰਘਰਸ਼ ਕਮੇਟੀ ਵੱਲੋਂ ਥਾਣਾ ਬੱਧਨੀਂ ਕਲਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ 16,17 ਅਪਰੈਲ ਦੀ ਰਾਤ ਨੂੰ ਅਣਪਛਾਤਿਆਂ ਨੇ ਨੌਜਵਾਨ ਜੁਗਿੰਦਰ ਸਿੰਘ ਵਾਸੀ ਬੌਡੇ ਨੂੰ ਕਤਲ ਕਰ ਦਿੱਤਾ ਸੀ।
ਜਥੇਬੰਦੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਪਰ ਪੁਲੀਸ ਅਜੇ ਤੱਕ ਦੋਸ਼ੀ ਕਾਬੂ ਨਹੀਂ ਕਰ ਸਕੀ। ਜਦੋਂਕਿ ਪੁਲੀਸ ਨੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਕਾਤਲ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਉਨਾਂ ਚਿਰ ਧਰਨਾ ਜਾਰੀ ਰਹੇਗਾ।
ਧਰਨੇ ਦੌਰਾਨ ਬਲਾਕ ਪ੍ਰਧਾਨ ਗੁਰਚਰਨ ਰਾਮਾ, ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਮਾ ਦਰਸ਼ਨ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ। ਅਵਤਾਰ ਸਿੰਘ ਹਰਬੰਸ ਸਿੰਘ, ਕੇਵਲ ਕ੍ਰਿਸ਼ਨ ਬੱਧਨੀਂ ਕਲਾਂ, ਗੁਰਤੇਜ ਕੌਰ, ਮਨਜੀਤ ਕੌਰ, ਜਗਜੀਤ ਸਿੰਘ ਪ੍ਰਧਾਨ ਆਦਿ ਮਰਦ ਔਰਤਾਂ ਹਾਜ਼ਰ ਸਨ। ਧਰਨਾਕਾਰੀਆਂ ਨੇ ਪੁਲੀਸ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।