ਪਰਮਜੀਤ ਸਿੰਘ
ਫਾਜ਼ਿਲਕਾ, 2 ਜੂਨ
ਆਲ ਇੰਡੀਆ ਆਸ਼ਾ ਵਰਕਰਜ਼ ਤੇ ਆਸ਼ਾ ਫੈਸਿਲੀਟੇਟਰਜ਼ ਯੂਨੀਅਨ ਏਟਕ ਦੇ ਨਾਲ ਸਾਂਝੇ ਮੋਰਚੇ ਵੱਲੋਂ ਕੋਵਿਡ-19 ਮਹਾਮਾਰੀ ਦੇ ਕੰਮਾਂ ਦਾ ਬਾਈਕਾਟ ਦੇ ਉਲੀਕੇ ਪ੍ਰੋਗਰਾਮ ਮੁਤਾਬਕ ਸਾਂਝੇ ਫਰੰਟ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਆਸ਼ਾ ਵਰਕਰਜ਼ ਵਿਰੋਧੀ ਚਿੱਠੀਆਂ ਫੂਕੀਆਂ ਗਈਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂ ਦੁਰਗੋ ਬਾਈ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜ਼ਿਲ੍ਹਾ ਸਕੱਤਰ ਨੀਲਮ ਰਾਣੀ, ਵੀਰਪਾਲ ਕੌਰ ਸੀਤੋ ਬਲਾਕ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦਾ ਰੱਜ ਕੇ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਮਿਸ਼ਨ ਫਤਿਹ ਕਰਨ ਜੋ 2500 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਸੀ, ਹੁਣ ਮਿਸ਼ਨ ਫਤਿਹ ਹੋਣ ਦੇ ਸਿਖਰ ’ਤੇ ਹੈ ਤੇ ਹੁਣ ਸਰਕਾਰ ਨੇ ਇਹ ਮਾਣ ਭੱਤਾ ਬੰਦ ਕਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪਿੰਡਾਂ ਦੇ ਨੌਜਵਾਨਾਂ ਜੋ ਨਸ਼ੇ ਦਾ ਸੇਵਨ ਕਰ ਰਹੇ ਹਨ, ਦਾ ਗਾਈਡਲਈਨ ਤੋਂ ਬਾਹਰ ਜਾ ਕੇ ਸਰਵੇਖਣ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਦੋਂਕਿ ਚਿੱਟੇ ਦਾ ਸਰਵੇ ਕਰਨ ਲਈ ਗਾਈਡਲਾਈਨ ’ਚੋਂ ਟਾਸਕ ਫੋਰਸ ਟੀਮਾਂ ਦੀ ਆਸ਼ਾ ਵਰਕਰਾਂ ਵੱਲੋਂ ਮੱਦਦ ਕੀਤੀ ਗਈ ਹੈ, ਪਰ ਸਰਵੇ ਨਾ ਕਰਨ ਦੀ ਸੂਰਤ ’ਚ ਆਸ਼ਾ ਵਰਕਰਾਂ ਦਾ ਇਨਸੈਂਟਿਵ ਪਾਉਣ ਲਈ ਅਧਿਕਾਰੀਆਂ ਨੂੰ ਲੈਟਰਾਂ ਕੱਢੀਆਂ ਗਈਆਂ ਹਨ। ਨਾਲ ਹੀ ਪੰਜਾਬ ਸਰਕਾਰ ਤੋਂ ਆਸ਼ਾ ਵਰਕਰਜ਼ ਗੋਲਡ ਐਵਾਰਡ ਨਾਲ ਸਨਮਾਨਤ ਕਰਕੇ ਦੂਜੇ ਪਾਸੇ ਸ਼ੁਰੂ ਕੀਤਾ ਫਿਕਸ ਮਾਣ ਭੱਤਾ ਐਨਰੇਰੀਅਮ ਫੰਡ ’ਚ ਮਿਲਣ ਵਾਲਾ ਮਾਣ ਭੱਤਾ 2500 ਰੁਪਏ ਪ੍ਰਤੀ ਮਹੀਨਾ ’ਤੇ ਕੁਝ ਗਲਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਆਸ਼ਾ ਵਰਕਰਾਂ ਨੂੰ ਵਿਭਾਗ ਦੀ ਰੀਢ ਦੀ ਹੱਡੀ, ਕਰੋਨਾ ਯੋਧੇ ਆਦਿ ਦਾ ਨਾਂ ਦਿੱਤਾ ਗਿਆ ਹੈ, ਦੂਜੇ ਪਾਸੇ ਫਿਕਸ ਭੱਤਾ 2500 ਰੁਪਏ ਦੇਣ ’ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੀਟਿੰਗ ਬੁਲਾ ਕੇ ਮਾਮਲੇ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।