ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਗੁਜਰਾਤ ਵਿੱਚ ਹੋਏ ਮੁਸਲਿਮ ਨਾਗਰਿਕਾਂ ਦੇ ਵਹਿਸ਼ੀ ਕਤਲੇਆਮ ਦੇ ਪੀੜਤਾਂ ਦੀ ਕਾਨੂੰਨੀ ਸਹਾਇਤਾ ਤੇ ਪੈਰਵਾਈ ਕਰਦੀ ਆ ਰਹੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਸਿਟੀਜਨਜ਼ ਫਾਰ ਜਸਟਿਸ ਐਂਡ ਪੀਸ ਦੀ ਮੁਖੀ ਤੀਸਤਾ ਸੀਤਲਵਾੜ ਦੀ ਗੁਜਰਾਤ ਪੁਲੀਸ ਵੱਲੋਂ ਮਹਾਰਾਸ਼ਟਰ ਵਿੱਚੋਂ ਕੀਤੀ ਗਿ੍ਫ਼ਤਾਰੀ ਦੇ ਵਿਰੁੱਧ ਵੱਖ-ਵੱਖ ਸੰਗਠਨਾਂ ਵੱਲੋਂ ਰੋਸ ਰੈਲੀ ਕਰਨ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਤੱਕ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸੀਪੀਆਈ (ਐਮਐਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਪਾਰਟੀ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ, ਪਾਰਟੀ ਦੇ ਕੇਂਦਰੀ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ, ਬਿੰਦਰ ਅਲਖ, ਪ੍ਰਦੀਪ ਗੁਰੂ, ਜਗਰਾਜ ਰੱਲਾ, ਮਨਜੀਤ ਕੌਰ, ਦਲਜੀਤ ਗਰੇਵਾਲ, ਨਿੱਕਾ ਸਿੰਘ ਬਹਾਦਰਪੁਰ, ਗੁਰਵਿੰਦਰ ਨੰਦਗੜ੍ਹ, ਗੋਰਾ ਲਾਲ ਅਤਲਾ, ਸੁਖਵਿੰਦਰ ਬੋਹਾ ਤੇ ਗੁਰਪ੍ਰਨਾਮ ਦਾਸ ਨੇ ਇਨ੍ਹਾਂ ਨਾਜਾਇਜ਼ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਦਿਆਂ ਬਦਲਾ ਲਊ ਭਾਵਨਾ ਨਾਲ ਦਰਜ ਕੀਤੇ ਗਏ ਅਜਿਹੇ ਸਾਰੇ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਗ੍ਰਿਫ਼ਤਾਰ ਜਮਹੂਰੀ ਕਾਰਕੁਨਾਂ ਦੀ ਰਿਹਾਈ ਦੀ ਮੰਗ
ਬਰਨਾਲਾ (ਖੇਤਰੀ ਪ੍ਰਤੀਨਿਧ): ਇਥੇ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾਈ ਆਗੂ ਕਾਮਰੇਡ ਲਸ਼ਕਰ ਸਿੰਘ ਅਤੇ ਟ੍ਰੇਡ ਯੂਨੀਅਨ ਆਗੂ ਲਾਭ ਸਿੰਘ ਅਕਲੀਆ ਨੇ ਕਰਦਿਆਂ ਕਿਹਾ ਕਿ ਕੋਰਟ ਦਾ ਇਹ ਫ਼ੈਸਲਾ ਆਉਣ ਤੋਂ ਬਾਅਦ ਜਮਹੂਰੀ ਹੱਕਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਅਤੇ ਉਸ ਸਮੇਂ ਦੇ ਇੱਕ ਸਰਕਾਰੀ ਅਧਿਕਾਰੀ ਆਰਬੀ ਸ੍ਰੀ ਕੁਮਾਰ ਸਮੇਤ ਕਈ ਹੋਰਨਾਂ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਰਕੁਨਾਂ ਨੂੰ ਇੱਕ ਦਿਨ ਪਹਿਲਾਂ ਐੱਫਆਈਆਰ ਦਰਜ ਕਰਕੇ ਗੁਜਰਾਤ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਗੂਆਂ ਨੇ ਤੀਸਤਾ ਸ਼ੀਤਲਵਾੜ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦੇ ਹੋਏ ਜਮਹੂਰੀ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।