ਪੱਤਰ ਪ੍ਰੇਰਕ
ਕਾਦੀਆਂ, 13 ਮਈ
ਪਿੰਡ ਕਾਲਵਾਂ ਤੋਂ ਲਾਪਤਾ ਹੋਏ ਦਿਮਾਗੀ ਤੌਰ ’ਤੇ ਬਿਮਾਰ ਵਿਅਕਤੀ ਦੀ ਲਾਸ਼ ਅੱਜ ਪਿੰਡ ਦੇ ਛੱਪੜ ’ਚੋਂ ਲਾਸ਼ ਮਿਲ ਗਈ ਹੈ। ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਸੁਲੱਖਣ ਮਸੀਹ ਨੇ ਦੱਸਿਆ ਕਿ ਕਰਨੈਲ ਸਿੰਘ (60) ਦਸ ਮਈ ਦੀ ਰਾਤ ਨੂੰ ਲਾਪਤਾ ਹੋ ਗਿਆ ਸੀ। ਅੱਜ ਸਵੇਰੇ ਉਸ ਦੀ ਲਾਸ਼ ਛੱਪੜ ਵਿੱਚ ਤੈਰਦੀ ਮਿਲੀ ਜਿਸ ’ਤੇ ਸਥਾਨਕ ਪੁਲੀਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਪਤਨੀ ਸ਼ਾਂਤੀ ਨੇ ਦੱਸਿਆ ਕਿ ਉਸ ਦੇ ਘਰ ਦੇ ਨੇੜੇ ਹੀ ਛੱਪੜ ਹੈ। ਇਹ ਜਾਪਦਾ ਹੈ ਰਾਤ ਦੇ ਹਨੇਰੇ ਵਿੱਚ ਉਹ ਛੱਪੜ ਵਿੱਚ ਡਿੱਗ ਗਿਆ। ਫਿਲਹਾਲ ਪੁਲੀਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।