ਜੋਗਿੰਦਰ ਸਿੰਘ ਮਾਨ
ਮਾਨਸਾ, 9 ਫਰਵਰੀ
ਮਾਲਵਾ ਖੇਤਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਸਮੇਤ ਆਮ ਆਦਮੀ ਪਾਰਟੀ, ਅਕਾਲੀ ਦਲ+ਬਸਪਾ, ਬੀਜੇਪੀ, ਪੰਜਾਬ ਲੋਕ ਕਾਂਗਰਸ, ਸੰਯੁਕਤ ਅਕਾਲੀ ਦਲ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਆਪਣੇ ਚੋਣ ਮੈਨੀਫੈਸਟੋ ਅਤੇ ਰੋਡ ਮੈਪ ਵਿੱਚ ਕੋਈ ਗੰਭੀਰਤਾ ਨਾਲ ਥਾਂ ਨਹੀਂ ਦਿੱਤੀ। ਜਦੋਂ ਕਿ ਅੱਜ-ਕੱਲ੍ਹ ਦੇ ਸਮੇਂ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਦੇ ਰੂਪ ’ਚ ਉਭਰ ਕੇ ਸਾਹਮਣੇ ਆਈ ਹੈ ਅਤੇ ਇਸ ਵਜ੍ਹਾ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਅੰਦੋਲਨ, ਜੋ ਪੰਜਾਬ ਵਿੱਚ ਇੱਕ ਜਨ ਅੰਦੋਲਨ ਬਣ ਗਿਆ ਸੀ, ਜਿਸ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦੇ ਹੱਲ ਲਈ ਅੰਦੋਲਨ ਕਰ ਰਹੇ ਮਾਨਸਾ ਵਾਸੀਆਂ ਕੋਲ ਆਪਣੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਣਇੰਦਰ ਸਿੰਘ ਟਿੱਕੂ ਨੂੰ ਭੇਜ ਕੇ 3 ਮਹੀਨਿਆਂ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਉਹ ਵਾਅਦਾ ‘ਲਾਰਾ’ ਸਾਬਤ ਹੋਇਆ। ਅੰਦੋਲਨ ਵਿੱਚ ਜਿਥੇ ਆਪ ਦੇ ਭਗਵੰਤ ਮਾਨ ਅਤੇ ਅਮਨ ਅਰੋੜਾ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਖੁਦ ਨੇ ਇਸ ਮੁੱਦੇ ’ਤੇ ਲੋਕ ਅਵਾਜ਼ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਵੀ ਚੁੱਪ ਧਾਰੀ ਬੈਠੇ ਹਨ।