ਇਕਬਾਲ ਸਿੰਘ ਸ਼ਾਂਤ
ਲੰਬੀ, 25 ਅਕਤੂਬਰ
ਲੰਬੀ ਪੁਲੀਸ ਨੇ ਦੀਵਾਲੀ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਇੰਟਰ ਸਟੇਟ ਗਰੋਹ ਦੀ ਯੋਜਨਾ ਦੀ ਪੋਲ ਖੋਲ੍ਹ ਦਿੱਤੀ ਹੈ। ਪੁਲੀਸ ਨੇ ਗਰੋਹ ਦੇ ਇੱਕ ਮੈਂਬਰ ਨੂੰ ਤਿੰਨ ਦੇਸੀ ਪਿਸਤੌਲ, ਪੰਜ ਮੈਗਜ਼ੀਨ ਦੇਸੀ ਬਿਨਾਂ ਮਾਰਅਕਾ ਤੇ 12 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਪਿੰਡ ਮਹਿਣਾ ਨੇੜਿਓਂ ਕਾਬੂ ਵਿਅਕਤੀ ਦੀ ਸ਼ਨਾਖ਼ਤ ਬਦਰੀ ਦਾਸ ਵਾਸੀ ਬਾਲਾ ਜ਼ਿਲਾ ਜਲੌਰ (ਰਾਜਸਥਾਨ) ਵਜੋਂ ਹੋਈ ਹੈ। ਪੁਲੀਸ ਪੁੱਛਗਿੱਛ ਦੌਰਾਨ ਬਦਰੀ ਦਾਸ ਨੇ ਕਬੂਲਿਆ ਕਿ ਉਹ ਇਹ ਹਥਿਆਰ ਇੰਦੌਰ (ਮੱਧ ਪ੍ਰਦੇਸ਼) ਤੋਂ ਸਰਦਾਰ ਨਾਂ ਦੇ ਵਿਅਕਤੀ ਤੋਂ ਲੈ ਕੇ ਆਇਆ ਸੀ। ਜਿਨ੍ਹਾਂ ਜਰੀਏ ਲੁਧਿਆਣਾ ’ਚ ਉਸਦੇ ਸਾਥੀ ਹੈਪੀ ਨਾਲ ਮਿਲ ਕੇ ਲੁਧਿਆਣਾ ਜਿਲੇ ’ਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਲੰਬੀ ਪੁਲੀਸ ਨੇ ਇੱਕ ਸੂਹ ਦੇ ਆਧਾਰ ’ਤੇ ਬਦਰੀ ਦਾਸ ਨੂੰ ਮਲੋਟ ਰੋਡ ’ਤੇ ਮਹਿਣਾ ਨੇੜਲੇ ਸੇਮ ਨਾਲਾ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਤਫਤੀਸ਼ ਦੌਰਾਨ ਖੁਲਾਸੋਾ ਹੋਇਆ ਹੈ ਕਿ ਹੈਪੀ ਸਿੰਘ ’ਤੇ ਥਾਣਾ ਸਦਰ ਸਮਾਣਾ (ਪਟਿਆਲਾ) ’ਚ ਮੁਕੱਦਮਾ ਨੰਬਰ 11 (2/6/2020) ਧਾਰਾ 120-ਬੀ 25/54/59 ਦਰਜ ਹੈ। ਉਸ ਮਾਮਲੇ ’ਚ ਹੈਪੀ ਸਿੰਘ ਵੱਲੋਂ ਸਾਥੀਆਂ ਸਮੇਤ ਹਥਿਆਰਾਂ ਦੀ ਨੋਕ ’ਤੇ ਡਰਾਈਵਰ ਦੇ ਫ਼ਾਇਰ ਮਾਰ ਕੇ ਇੱਕ ਬਰੇਜਾ ਕਾਰ ਖੋਹ ਕੇ ਲੈ ਗਏ ਸਨ। ਉਸ ਮੁਕੱਦਮੇ ’ਚ ਹੈਪੀ ਸਿੰਘ ਫ਼ਰਾਰ ਚੱਲਿਆ ਆ ਰਿਹਾ ਹੈ। ਲੰਬੀ ਥਾਣਾ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।