ਪਰਸ਼ੋਤਮ ਬੱਲੀ
ਬਰਨਾਲਾ, 23 ਜਨਵਰੀ
ਇੱਥੇ ਰੇਲਵੇ ਸਟੇਸ਼ਨ ’ਤੇ ਲਗਾਏ ਧਰਨੇ ਦੇ 115ਵੇਂ ਦਿਨ ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾਜੀ ਸੁੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ| ਭੁੱਖ ਹੜਤਾਲ ਦੇ 33ਵੇਂ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਦਲਬਾਰਾ ਸਿੰਘ ਠੀਕਰੀਵਾਲ, ਬਲਵੰਤ ਸਿੰਘ ਠੀਕਰੀਵਾਲ, ਕਾ. ਕੀਤ ਸਿੰਘ ਪੱਖੋਕਲਾਂ, ਦਲੀਪ ਸਿੰਘ ਬਰਨਾਲਾ, ਨਿਰਮਲ ਸਿੰਘ ਭੱਠਲ ਬਰਨਾਲਾ, ਖੁੁਸ਼ਹਾਲ ਸਿੰਘ ਠੀਕਰੀਵਾਲਾ ਸ਼ਾਮਿਲ ਹੋਏ|
ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਮੇਲਾ ਸਿੰਘ ਕੱਟੂ, ਗੁੁਰਮੇਲ ਸ਼ਰਮਾਂ, ਨਿਰੰਜਣ ਸਿੰਘ ਠੀਕਰੀਵਾਲ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਬਿੱਕਰ ਸਿੰਘ ਔਲਖ, ਲਾਲ ਸਿੰਘ ਧਨੌਲਾ, ਸਾਹਿਬ ਸਿੰਘ ਬਡਬਰ, ਗੁੁਰਚਰਨ ਸਿੰਘ , ਜਗਰਾਜ ਰਾਮਾ ਨੇ ਕਿਹਾ ਕਿ ਮੋਦੀ ਹਕੂਮਤ ਦੁਆਰਾ ਥੋਪੇ ਜਾ ਰਹੇ ਇਹ ਤਿੰਨੋਂ ਖੇਤੀ ਕਾਨੂੰਨ ਖੇਤੀ ਧੰਦੇ ਦਾ ਉਜਾੜਾ ਤਾਂ ਕਰਨਗੇ ਹੀ ਸਮੁੱਚੀ ਪੇਂਡੂ ਸੱਭਿਅਤਾ ਹੀ ਸਰਾਪੀ ਜਾਵੇਗੀ| ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਦੀ ਹੀ ਨਹੀਂ ਪੇਂਡੂ/ਸ਼ਹਿਰੀ ਸੱਭਿਅਤਾ ਨੂੰ ਬਚਾਉਣ ਦੀ ਲੜਾਈ ਹੈ| ਜੋਗਿੰਦਰ ਸਿੰਘ ਕੁੰਬੜਵਾਲ, ਸਿੰਦਰ ਧੌਲਾ, ਸੁੁਖਦਰਸ਼ਨ ਗੁੱਡੂ ਨੇ ਗੀਤ/ਕਵੀਸ਼ਰੀ ਪੇਸ਼ ਕੀਤੀ|
ਇਸੇ ਤਰ੍ਹਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ’ਤੇ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 111ਵੇਂ ਦਿਨ ਘਿਰਾਓ ਜਾਰੀ ਰਿਹਾ| ਬੁੁਲਾਰਿਆਂ ਪ੍ਰੇਮਪਾਲ ਕੌਰ, ਹਰਚਰਨ ਚੰਨਾ, ਰਾਮ ਸਿੰਘ ਕਲੇਰ, ਨਿਰਮਲ ਸਿੰਘ, ਬਲਵੀਰ ਸਿੰਘ ਪੱਪੂ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ ਅਤੇ ਮਨਜੀਤ ਸਿੰਘ ਕਰਮਗੜ੍ਹ ਆਦਿ ਨੇ ਕਿਹਾ ਕਿ ਸੰਘਰਸ ਨੂੰ ਹੋਰ ਤੇਜ਼ ਕਰਨਾ ਹੋਵੇਗਾ|
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੰਨਾਂ ਖ਼ਿਲਾਫ਼ ਮਹਿਲ ਕਲਾਂ ਵਿਚ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਮੋਰਚੇ ਤੋਂ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਵਾਂਗ 26 ਜਨਵਰੀ ਨੂੰ ਮਹਿਲ ਕਲਾਂ ਇਲਾਕੇ ਦੇ ਪਿੰਡਾਂ ਵਿੱਚ ਵੀ ਟਰੈਕਟਰ ਮਾਰਚ ਕੀਤਾ ਜਾਵੇਗਾ। ਉਸ ਦਿਨ ਕੋਈ ਵੀ ਟਰੈਕਟਰ ਘਰ ਨਹੀਂ ਰੱਖਿਆ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਬਲਾਕ ਆਗੂ ਜੱਗਾ ਸਿੰਘ ਛਾਪਾ, ਭਾਗ ਸਿੰਘ ਕੁਰੜ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਠੁੱਲੀਵਾਲ, ਗਾਇਕਾ ਰੁਪਿੰਦਰ ਕੌਰ ਰਿੰਪੀ ਆਦਿ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਜਨਰਲ ਸਕੱਤਰ ਕੁਲਜੀਤ ਸਿੰਘ ਵਜ਼ੀਦਕੇ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਦੀ ਅਗਵਾਈ ਹੇਠ ਇਲਾਕੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਬਰਨਾਲਾ-ਲਧਿਆਣਾ ਮੁੱਖ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ ਹੈ।
ਬੁਢਲਾਡਾ (ਐਨ.ਪੀ. ਸਿੰਘ): ਇੱਥੇ 114 ਦਿਨਾਂ ਤੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਲਗਾਏ ਸੰਯੁਕਤ ਕਿਸਾਨ ਮੋਰਚਾ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਨੰਬਰਦਾਰ ਜਰਨੈਲ ਸਿੰਘ ਗੁਰਨੇਕਲਾਂ, ਹਰਿੰਦਰ ਸਿੰਘ ਸੋਢੀ, ਰਘਵੀਰ ਸਿੰਘ ਫਫੜੇ, ਅਮਰੀਕ ਮੰਦਰਾਂ ਅਤੇ ਭੂਰਾ ਸਿੰਘ ਅਹਿਮਦਪੁਰ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਲਾਗੂ ਕਰ ਕੇ ਦੇਸ਼ ਨੂੰ ਕੰਗਾਲੀ ਦੇ ਰਾਹ ਪਾ ਦਿੱਤਾ ਹੈ। ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆਜ਼ਾਦੀ ਨੂੰ ਮੁੜ ਤੋਂ ਸਾਮਰਾਜੀਆਂ ਕੋਲ ਗਹਿਣੇ ਰੱਖਣ ਦਾ ਯਤਨ ਕੀਤਾ ਹੈ।
ਇਸ ਮੌਕੇ ਆਗੂਆਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਲੱਖਾਂ ਕਿਸਾਨ ਪਰੇਡ ਕਰ ਕੇ ਸਾਮਰਾਜੀਆਂ ਨੂੰ ਚਿਤਾਵਨੀ ਦੇਣਗੇ ਕਿ ਉਹ ਭਾਰਤ ਦੇਸ਼ ਵੱਲ ਕਿਸੇ ਹੋਰ ਤਾਕਤ ਨੂੰ ਝਾਕਣ ਨਹੀਂ ਦੇਣਗੇ। ਅੱਜ ਆਜ਼ਾਦ ਹਿੰਦ ਫ਼ੌਜ ਦੇ ਮੋਢੀ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ’ਤੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਹੁਣ ਕੇਂਦਰ ਦੀ ਧੱਕੇਸ਼ਾਹੀ ਅੱਗੇ ਗੋਡੇ ਨਹੀਂ ਟੇਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਇਕੱਲੇ ਕਿਸਾਨਾਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਮਾੜੇ ਹਾਲਾਤ ਦੀ ਸ਼ੁਰੂਆਤ ਹੋ ਜਾਵੇਗੀ। ਇਸ ਨਾਲ ਸੂਬੇ ਵਿਚ ਮੁਸ਼ਕਿਲ ਨਾਲ ਸਥਾਪਿਤ ਹੋਈ ਰੌਣਕ ਖ਼ਤਮ ਹੋ ਜਾਵੇਗੀ।
ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਧਰਨਾ 115ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਅੱਜ ਧਰਨੇ ਦੌਰਾਨ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਨੇਤਾ ਸੁਭਾਸ਼ ਚੰਦਰ ਬੋਸ ਦੇ ਦਿਹਾੜੇ ’ਤੇ ਵਾਅਦਾ ਕਰਦੇ ਹਾਂ ਕਿ ਕਿਸਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ, ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਅੰਦੋਲਨ ਜਾਰੀ ਰਹੇਗਾ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਆਜ਼ਾਦੀ ਦੀ ਜੰਗ ਲਈ ਜੂਝਣ ਵਾਲੇ ਸੂਰਮਿਆਂ ਦਾ ਦਿਹਾੜਾ ਮਨਾਉਣ ਲਈ ਸਭ ਤੋਂ ਉੱਤਮ ਸਥਾਨ ਸੰਘਰਸ਼ੀ ਮੋਰਚੇ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਦੇਸ਼ ਦੀ ਸੱਤਾ ‘ਤੇ ਕਾਬਜ਼ ਭਾਜਪਾ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਖ਼ਤਮ ਕਰ ਕੇ ਫ਼ਿਰਕੂ ਨਫ਼ਰਤ ਭਰੇ ਵਿਚਾਰਾਂ ਵਿੱਚ ਫਿੱਟ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 150 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ।
ਸੀਤ ਲਹਿਰ ਦੇ ਬਾਵਜੂਦ ਡਟੇ ਬੱਚੇ ਤੇ ਬਜ਼ੁਰਗ
ਭੁੱਚੋ ਮੰਡੀ (ਪਵਨ ਗੋਇਲ): ਸੀਤ ਲਹਿਰ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚੇ ਅੱਜ 115ਵੇਂ ਦਿਨ ਵੀ ਜਾਰੀ ਰਹੇ। ਇਸ ਮੌਕੇ ਕਿਸਾਨ ਔਰਤਾਂ ਅਤੇ ਬੱਚਿਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਥ ਆਗੂ ਅਮਨਪ੍ਰੀਤ ਕੌਰ ਚੱਕ, ਸਿਮਰਜੀਤ ਸਿੰਘ, ਮੰਦਰ ਸਿੰਘ, ਬੋਗੜ ਸਿੰਘ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਨੂੰਨ ਰੱਦ ਕਰਨ ਦੀ ਬਜਾਇ ਮੀਟਿੰਗਾਂ ਦੇ ਡਰਾਮਿਆਂ ਰਾਹੀਂ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਧਰਨਕਾਰੀਆਂ ਜਾਣਕਾਰੀ ਮਿਲਣ ’ਤੇ ਬਠਿੰਡਾ ਪੁੱਜੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਿਰਾਓ ਲਈ ਰਵਾਨਾ ਹੋ ਗਏ।