ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਕਤੂਬਰ
ਬੇਸ਼ੱਕ ਮਾਲਵਾ ਖੇਰਤ ਵਿੱਚ ਅੱਜ ਸਾਰਾ ਦਿਨ ਧੁੱਪ ਨਿਕਲੀ ਰਹੀ, ਪਰ ਬੇਮੌਸਮੇ ਮੀਂਹ ਨਾਲ ਪੈਦਾ ਹੋਈ ਸਿੱਲ੍ਹ ਨੇ ਖੇਤਾਂ ਅਤੇ ਖਰੀਦ ਕੇਂਦਰਾਂ ਵਿੱਚ ਕੋਈ ਕੰਮ ਨਹੀਂ ਚੱਲਣ ਦਿੱਤਾ। ਸਿੱਲ੍ਹ ਕਾਰਨ ਨਾ ਹੀ ਕੰਬਾਈਨਾਂ ਚੱਲ ਸਕੀਆਂ ਅਤੇ ਨਾ ਹੀ ਨਰਮੇ ਦੀ ਚੁਗਾਈ ਹੋ ਸਕੀ। ਝੋਨੇ ਦੇ ਬੂਟੇ ਸਿੱਲ ਫੜ ਗਏ ਹਨ, ਜਿਸ ਨਾਲ ਕੰਬਾਈਨਾਂ ਦਾ ਕਾਰਜ ਸਾਰਾ ਦਿਨ ਖੜ੍ਹਾ ਰਿਹਾ। ਉਧਰ ਇੱਕਾ-ਦੁੱਕਾ ਖਰੀਦ ਕੇਂਦਰਾਂ ਵਿੱਚ ਆਏ ਝੋਨੇ ਨੂੰ ਸਿੱਲ੍ਹ ਕਾਰਨ ਖਰੀਦ ਦਾ ਕਾਰਜ ਵੀ ਠੱਪ ਰਿਹਾ। ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਸ਼ੈੱਡਾਂ ਥੱਲੇ ਪਏ ਕੁਝ ਕੁ ਕਿਸਾਨਾਂ ਦੇ ਸੁੱਕੇ ਝੋਨੇ ਦੀਆਂ ਇੱਕ-ਦੋ ਢੇਰੀਆਂ ਦੀ ਬੋਲੀ ਹੀ ਲੱਗ ਸਕੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਵਿੱਚ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਕਿਤੇ ਵੀ ਮੀਂਹ ਪੈਣ ਦੀ ਕੋਈ ਖ਼ਬਰ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਜ਼ਿਲ੍ਹਿਆਂ ਵਿੱਚ ਅਸਮਾਨ ਉਤੇ ਬੱਦਲ ਛਾਏ ਰਹੇ, ਪਰ ਮਾਲਵਾ ਖੇਤਰ ਵਿੱਚ ਸਾਰਾ ਦਿਨ ਧੁੱਪ ਨਿਕਲੀ ਰਹੀ ਹੈ, ਪਰ ਉਨ੍ਹਾਂ ਇਹ ਵੀ ਕਿਹਾ ਕਿ ਮਾਲਵਾ ਖੇਤਰ ਵਿੱਚ ਪਾਰਾ ਆਮ ਨਾਲੋਂ ਥੱਲੇ ਉਤਰਿਆ ਹੋਇਆ ਹੈ। ਉਨ੍ਹਾਂ ਕਿਹਾ ਅੱਜ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਸੰਗਰੂਰ ਅਤੇ ਫਿਰੋਜ਼ਪੁਰ ਵਿੱਚ 29 ਤੋਂ 31 ਡਿਗਰੀ ਸੈਂਟੀਗਰੇਡ ਦਰਮਿਆਨ ਤਾਪਮਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲਾ ਪੂਰਾ ਹਫ਼ਤਾ ਚੰਗੇ ਧੁੱਪ ਰਹਿਣ ਦੀ ਉਮੀਦ ਹੈ।
ਉਧਰ ਮਾਲਵਾ ਖੇਤਰ ਵਿੱਚ ਅੱਜ-ਕੱਲ੍ਹ ਝੋਨੇ ਦੀ ਵਢਾਈ, ਤੁਲਾਈ ਅਤੇ ਨਰਮੇ ਦੀ ਚੁਗਾਈ ਦਾ ਕਾਰਜ ਸਾਰਾ ਦਿਨ ਲਗਪਗ ਠੱਪ ਵਾਂਗ ਹੀ ਰਿਹਾ। ਭਾਵੇਂ ਸਾਰੀਆਂ ਥਾਂਵਾਂ ’ਤੇ ਮੀਂਹ ਨਹੀਂ ਪਿਆ, ਪਰ ਮੌਸਮ ਦੇ ਮਿਜ਼ਾਜ ਵਿਗੜਦਿਆਂ ਹੀ ਕਿਸਾਨ ਘਬਰਾਉਣ ਲੱਗਿਆ ਹੈ, ਕਿਉਂਕਿ ਥੋੜ੍ਹੀ ਜਿਹੀ ਸਿੱਲ ਨਾਲ ਹੀ ਖੇਤਾਂ ਵਿਚ ਕੰਬਾਈਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ ਅਤੇ ਇਸ ਨਾਲ ਹੀ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਨਮੀ ਦੀ ਮਾਤਰਾ ਵੱਧਣ ਨਾਲ ਬੋਲੀ ਨਾ ਲੱਗਣ ਦਾ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਬਹੁਤ ਸਾਰੇ ਪੇਂਡੂ ਖਰੀਦ ਕੇਂਦਰਾਂ ਵਿੱਚ ਅਗੇਤਾ ਝੋਨਾ ਵੱਢਣ ਵਾਲੇ ਕਿਸਾਨ ਆਪਣੀ ਜਿਣਸ ਲੈ ਕੇ ਆ ਗਏ ਹਨ, ਪਰ ਅਜੇ ਤੱਕ ਨਾ ਆੜ੍ਹਤੀਏ ਪੁੱਜੇ ਹਨ ਅਤੇ ਨਾ ਹੀ ਸਰਕਾਰੀ ਏਜੰਸੀਆਂ ਦੇ ਅਧਿਕਾਰੀ। ਅਜਿਹੇ ਕਿਸਾਨਾਂ ਵੱਲੋਂ ਆਪਣੀ ਜਿਣਸ ਨੂੰ ਆਪਣੇ ਪੱਧਰ ’ਤੇ ਪੱਲੀਆਂ ਲਾ ਕੇ ਮੀਂਹ ਅਤੇ ਸਿੱਲ੍ਹ ਤੋਂ ਬਚਾਇਆ ਜਾ ਰਿਹਾ ਹੈ।