ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 12 ਜਨਵਰੀ
ਸਿਵਲ ਹਸਪਤਾਲ ਕੋਟਕਪੂਰਾ ’ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਆਕਸੀਜਨ ਪਲਾਂਟ ਸ਼ੁਰੂ ਹੋ ਗਿਆ ਹੈ। ਇਸ ਆਕਸੀਜਨ ਪਲਾਂਟ ਰਾਹੀਂ ਸਿਵਲ ਹਸਪਤਾਲ ਨੂੰ ਸਪਲਾਈ ਮਿਲ ਰਹੀ ਹੈ। ਪਲਾਟ ’ਚੋਂ ਫਿਲਹਾਲ 20 ਬੈੱਡਾਂ ਨੂੰ ਸਪਲਾਈ ਦੇਣ ਦਾ ਬੰਦੋਬਸਤ ਕੀਤਾ ਗਿਆ ਹੈ। ਹਾਲਾਂਕਿ ਇਸ ਪਲਾਂਟ ਨੂੰ ਅਪਰੇਟ ਕਰਨ ਵਾਲੇ ਸਟਾਫ ਨੇ ਦੱਸਿਆ ਕਿ ਇਸ ਪਲਾਂਟ ‘ਚੋਂ 10 ਬੈੱਡਾਂ ਨੂੰ ਹੋਰ ਸਪਲਾਈ ਦਿੱਤੀ ਜਾ ਸਕਦੀ ਹੈ। ਲੋੜ ਪੈਣ ਤੇ ਇਸ ਦੀ ਸਮਰਥਾ ਵਧਾਈ ਜਾਵੇਗੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਗਾਂਧੀ ਨੇ ਦੱਸਿਆ ਕਿ ਪਲਾਂਟ ਸ਼ੁਰੂ ਹੋ ਗਿਆ ਹੈ ਤੇ ਇਸ ਸਮੇਂ ਹਸਪਤਾਲ ਨੂੰ ਆਪਣੀਆਂ ਸੇਵਾਂਵਾ ਦੇ ਰਿਹਾ ਹੈ। ਫ਼ਰੀਦਕੋਟ ਜ਼ਿਲ੍ਹੇ ਅੰਦਰ ਦੋ ਆਕਸੀਜਨ ਪਲਾਂਟ ਲੱਗੇ ਹਨ। ਫ਼ਰੀਦਕੋਟ ਦਾ ਪਲਾਂਟ ਇਸ ਸਮੇਂ ਚਾਲੂ ਨਹੀਂ ਹੋ ਸਕਿਆ ਜਦਕਿ ਕੋਟਕਪੂਰੇ ਦਾ ਪਲਾਂਟ ਆਪਣੀਆਂ ਸੇਵਾਵਾਂ ਲਗਾਤਾਰ ਦੇ ਰਿਹਾ ਹੈ। ਪਲਾਂਟ ਅਪਰੇਟਰ ਤਰਸੇਮ ਸਿੰਘ ਅਤੇ ਗੁਰਦਿੱਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ।