ਪੱਤਰ ਪ੍ਰੇਰਕ
ਜ਼ੀਰਾ, 16 ਸਤੰਬਰ
ਇੱਥੋਂ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਫੈਕਟਰੀ ਦੇ ਮੁੱਖ ਗੇਟ ਮੂਹਰੇ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਦਿਨ ਰਾਤ ਦੇ ਪੱਕਾ ਧਰਨੇ ਦੇ 53ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਰਾਬ ਫੈਕਟਰੀ ਤੋਂ ਧਰਨੇ ਨੂੰ 300 ਮੀਟਰ ਦੂਰ ਕਰਵਾਉਣ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਫਿਰੋਜ਼ਪੁਰ ਦੇ ਡੀਸੀ ਅੰਮ੍ਰਿਤ ਸਿੰਘ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਵੱਲੋਂ ਧਰਨੇ ਦੇ ਆਗੂਆਂ ਨਾਲ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਵਿੱਚ ਸਥਿਤ ਭਗਤ ਬਾਬਾ ਦੂਨੀ ਚੰਦ ਦੀ ਸਮਾਧ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਐੱਸਪੀ (ਡੀ) ਫਿਰੋਜ਼ਪੁਰ ,ਐੱਸਡੀਐੱਮ ਇੰਦਰਪਾਲ ਜ਼ੀਰਾ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਡੀਐੱਸਪੀ ਜ਼ੀਰਾ ਪਲਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਡੀਸੀ ਤੇ ਹੋਰ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਫ਼ੈਸਲਾ ਧਰਨਾਕਾਰੀਆਂ ਦੇ ਹੱਕ ਵਿੱਚ ਆਉਂਦਾ ਹੈ ਤਾਂ ਫੈਕਟਰੀ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਉਪਰੰਤ ਡੀਸੀ ਨੇ ਧਰਨੇ ਵਿੱਚ ਪਹੁੰਚ ਕਿ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ਤੇ ਧਰਨਾ ਫੈਕਟਰੀ ਤੋਂ 300 ਮੀਟਰ ਦੀ ਦੂਰੀ ’ਤੇ ਲਿਜਾਣ ਲਈ ਕਿਹਾ, ਪਰ ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ । ਅੱਜ ਡੀਐੱਸਪੀ ਜ਼ੀਰਾ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਫੈਕਟਰੀ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਧਰਨਾਕਾਰੀਆਂ ਵੱਲੋਂ ਬੰਦ ਕਰਵਾਇਆ ਗਿਆ ਫੈਕਟਰੀ ਦਾ ਮੁੱਖ ਗੇਟ ਖੁੱਲ੍ਹਵਾ ਕਿ 40 ਦੇ ਕਰੀਬ ਕਾਮਿਆਂ ਨੂੰ ਫੈਕਟਰੀ ਦੇ ਅੰਦਰ ਭੇਜਿਆ। ਇਸ ਦਾ ਧਰਨਾਕਾਰੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ।