ਪਰਮਜੀਤ ਸਿੰਘ
ਫਾਜ਼ਿਲਕਾ, 26 ਫਰਵਰੀ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਡਿਪੂ ਹੋਲਡਰਾਂ ਰਾਹੀਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਉੱਲੀ ਲੱਗੀ ਕਣਕ ਵੰਡ ਕੇ ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਵਿਭਾਗ ’ਤੇ ਗੈਰਮਿਆਰੀ ਅਤੇ ਘੱਟ ਕਣਕ ਦੇਣ ਦੇ ਦੋਸ਼ ਲਾਏ ਹਨ। ਪਿੰਡ ਘੁੜਮੀ ਅਤੇ ਆਸਫਵਾਲਾ ਦੇ ਲੋਕਾਂ ਨੇ ਦੱਸਿਆ ਕਿ ਡਿਪੂ ਹੋਲਡਰ ਵੱਲੋਂ ਜੋ ਕਣਕ ਦਿੱਤੀ ਗਈ ਹੈ, ਉਹ ਕਣਕ ਬੰਦਾ ਤਾਂ ਦੂਰ ਪਸ਼ੂ ਵੀ ਨਹੀਂ ਖਾ ਸਕਦਾ। ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਲੋਕਾਂ ਨੂੰ ਮਿਆਰੀ ਕਣਕ ਦੇਣ ਦੇ ਅਕਸਰ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉੱਲੀ ਲੱਗੀ ਕਣਕ ਨੇ ਖੋਲ ਕੇ ਰੱਖ ਦਿੱਤੀ ਹੈ। ਕਾਰਡ ਧਾਰਕਾਂ ਨੇ ਉੱਲੀ ਲੱਗੀ ਕਣਕ ਦਿਖਾਉਂਦੇ ਹੋਏ ਕਿਹਾ ਕਿ ਸਹੂਲਤਾਂ ਦੇ ਨਾਮ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਕਣਕ ਦੇ ਜ਼ਿਆਦਾਦਰ ਗੱਟੇ ਸਾਲ 2017-2018 ਦੀ ਹਰਿਆਣਾ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਹਨ। ਉਨ੍ਹਾਂ ਦੱਸਿਆ ਕਿ ਕਣਕ ਵੰਡਣ ਮੌਕੇ ਫੂਡ ਸਪਲਾਈ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਕਣਕ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਭਾਗ ਵੱਲੋਂ ਕਣਕ ਦਾ ਵਜ਼ਨ ਵਧਾਉਣ ਲਈ ਕਣਕ ਉੱਤੇ ਪਾਣੀ ਪਾਇਆ ਜਾਂਦਾ ਹੈ ਜਿਸ ਕਾਰਨ ਕਣਕ ਖ਼ਰਾਬ ਅਤੇ ਕਾਲੀ ਹੋ ਗਈ ਹੈ, ਜੋ ਹੁਣ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਸਬੰਧਤ ਡਿਪੂ ਹੋਲਡਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦੇ ਫੋਨ ’ਤੇ ਉਸ ਦੀ ਪਤਨੀ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਜਿਹੜੀ ਕਣਕ ਉਨ੍ਹਾਂ ਕੋਲ ਆ ਰਹੀ ਹੈ, ਓਹੀ ਕਣਕ ਲਾਭਪਾਤਰੀਆਂ ਨੂੰ ਦਿੱਤੀ ਜਾ ਹੈ। ਲਾਭਪਾਤਰੀਆਂ ਨੂੰ ਘਟ ਕਣਕ ਦਿੱਤੇ ਜਾਣ ਸਬੰਧੀ ਉਨ੍ਹਾਂ ਦੱਸਿਆ ਕਿ ਇਹ ਕਣਕ ਵਿਭਾਗ ਵੱਲੋਂ ਹੀ ਘੱਟ ਭੇਜੀ ਜਾ ਰਹੀ ਹੈ।
ਖਰਾਬ ਕਣਕ ਵਾਪਸ ਕਰ ਦਿੱਤੀ ਹੈ: ਇੰਸਪੈਕਟਰ
ਫੂਡ ਇੰਸਪੈਕਟਰ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਕੁਝ ਕੁ ਗੱਟਿਆਂ ’ਚ ਹੀ ਖ਼ਰਾਬ ਕਣਕ ਸੀ, ਜਿਹੜੀ ਵਾਪਸ ਕਰ ਲਈ ਗਈ ਹੈ। ਹਰਿਆਣਾ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮਾਰਕਾ ਦੇ ਗੱਟਿਆਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਦੋ ਚਾਰ ਗੱਟੇ ਗ਼ਲਤੀ ਨਾਲ ਆ ਗਏ ਹੋਣਗੇ ਅਤੇ ਉਹ ਵਜ਼ਨ ਘੱਟ ਹੋਣ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਜਾਂਚ ਦਾ ਭਰੋਸਾ ਦਿੱਤਾ।