ਸ਼ਗਨ ਕਟਾਰੀਆ
ਜੈਤੋ, 11 ਮਈ
ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਫ਼ਰੀਦਕੋਟ ਵਿੱਚ ਨੌਜਵਾਨਾਂ ਦੀ ਸਿਖਲਾਈ ਲਈ ਹੁਨਰ ਕੇਂਦਰ (ਸਕਿੱਲ ਸੈਂਟਰ) ਖੋਲ੍ਹੇ ਜਾਣਗੇ ਅਤੇ ਖੇਤੀ ਉਤਪਾਦਾਂ ਦੀ ਖ਼ਪਤ ਲਈ ਫ਼ੂਡ ਪ੍ਰੋਸੈਸਿੰਗ ਯੂਨਿਟ ਲਾਏ ਜਾਣਗੇ। ਹਲਕਾ ਜੈਤੋ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਕਿਰਤ ਨੂੰ ਉੱਤਮ ਦੱਸਿਆ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਰਤ ਨੂੰ ਹਰ ਪੱਧਰ ’ਤੇ ਉਤਸ਼ਾਹਿਤ ਕਰੇਗੀ।
ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿੱਚ ਹਵਾ ਬਦਲ ਚੁੱਕੀ ਹੈ ਅਤੇ ਦੇਸ਼ ਵਾਸੀਆਂ ਨੇ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੂੰ ਗੱਦੀ ਤੋਂ ਲਾਹੁਣ ਦਾ ਮਨ ਬਣਾ ਲਿਆ ਹੈ ਅਤੇ ਤਿੰਨ ਪੜਾਵਾਂ ਵਿੱਚ ਪਈਆਂ ਵੋਟਾਂ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਤਾਕਤ ਨਾਲ ‘ਆਪ’ ਕੇਂਦਰ ਵਿੱਚ ਬਣਨ ਵਾਲੀ ‘ਇੰਡੀਆ’ ਗੱਠਜੋੜ ਦੀ ਸਰਕਾਰ ਦਾ ਹਿੱਸਾ ਬਣੇਗੀ ਅਤੇ ਸੂਬੇ ਲਈ ਵੱਧ ਤੋਂ ਵੱਧ ਕੇਂਦਰੀ ਸਕੀਮਾਂ ਲੈ ਕੇ ਆਵੇਗੀ।
ਵਿਧਾਇਕ ਅਮੋਲਕ ਸਿੰਘ ਨੇ ਚੋਣ ਰੈਲੀਆਂ ਦੌਰਾਨ ਕਿਹਾ ਕਿ ਕਰਮਜੀਤ ਅਨਮੋਲ ਨੂੰ ਫ਼ਿਲਮਾਂ ਤੇ ਟੈਲੀਵਿਜ਼ਨ ਉੱਪਰ ਸਾਰੇ ਲੋਕਾਂ ਨੇ ਇੱਕ ਕਲਾਕਾਰ ਵਜੋਂ ਵੇਖਿਆ। ਇਨ੍ਹਾਂ ਰੈਲੀਆਂ ਨੂੰ ਅਦਾਕਾਰ ਮਲਕੀਤ ਰੌਣੀ, ਪ੍ਰਕਾਸ਼ ਸਾਧੂ, ਰਵਿੰਦਰ ਮੰਡ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਹ ਰੈਲੀਆਂ ਜੈਤੋ ਢੈਪਈ, ਡੇਲਿਆਂ ਵਾਲੀ, ਸਰਾਵਾਂ, ਗੁਰੂਸਰ, ਗੋਂਦਾਰਾ, ਘਣੀਆਂ, ਦਬੜ੍ਹੀਖਾਨਾ, ਬਿਸ਼ਨੰਦੀ ਤੇ ਰਾਮੇਆਣਾ ਸਮੇਤ ਢਾਈ ਦਰਜਨ ਪਿੰਡਾਂ ਵਿੱਚ ਹੋਈਆਂ।