ਪੱਤਰ ਪ੍ਰੇਰਕ
ਮਾਨਸਾ, 23 ਸਤੰਬਰ
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਅੱਜ ਸ਼ਹਿਰ ਵਿੱਚ ਲਲਕਾਰ ਰੈਲੀ ਕਰਦਿਆਂ ਪੁਲੀਸ ਦੀਆਂ ਰੋਕਾਂ ਨੂੰ ਜਬਰੀ ਤੋੜਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ। ਮਜ਼ਦੂਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਪ੍ਰਸ਼ਾਸਨ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਲਗਭਗ ਡੇਢ ਕਿਲੋਮੀਟਰ ਦਾ ਪੈਡਾ ਪੈਦਲ ਤੈਅ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪੁੱਜਣ ਵਿੱਚ ਸਫ਼ਲਤਾ ਹਾਸਲ ਕੀਤੀ।
ਪੁਲੀਸ ਨਾਕਿਆਂ ਨੂੰ ਤੋੜਨ ਤੋਂ ਬਾਅਦ ਜਦੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਪੁੱਜ ਕੇ ਧਰਨੇ ’ਤੇ ਡਟ ਗਏ ਤਾਂ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਉਹ ਲਗਾਤਾਰ 51 ਦਿਨਾਂ ਤੋਂ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿਨ-ਰਾਤ ਦੇ ਧਰਨੇ ਉੱਤੇ ਬੈਠੇ ਹਨ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੋਈ ਸਮਝੋਤਾ ਨਹੀਂ ਕੀਤਾ, ਸਗੋਂ ਲਾਰਿਆਂ-ਲੱਪਿਆਂ ਵਿੱਚ ਹੀ ਸਮਾਂ ਲੰਘਾਇਆ ਹੈ।
ਕਾਮਰੇਡ ਸਮਾਓ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਥਾਂ ਇਨ੍ਹਾਂ ਵਿਭਾਗਾਂ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਬੇਜ਼ਮੀਨੇ ਦਲਿਤ ਅਤੇ ਗਰੀਬ ਪਰਿਵਾਰ ਸਿੱਖਿਆ ਤੇ ਸਿਹਤ ਸਹੂਲਤਾਂ ਤੋਂ ਦੂਰ ਹੋ ਰਹੇ ਹਨ।
ਜਥੇਬੰਦੀ ਦੀ ਸੂਬਾ ਆਗੂ ਪਰਮਜੀਤ ਕੌਰ ਮੁੱਕੀ ਨੇ ਕਿਹਾ ਕਿ ਦਲਿਤਾਂ ਨੂੰ ਤੀਜੇ ਹਿੱਸੇ ਦੀਆਂ ਜ਼ਮੀਨਾਂ ਦੀ ਪ੍ਰਾਪਤੀ, 10-10 ਮਰਲੇ ਦੇ ਪਲਾਟ, ਪੰਜਾਬ ਵਿੱਚ ਘੱਟੋਂ-ਘੱਟ ਦਿਹਾੜੀ ਰੇਟ 700 ਰੁਪਏ ਕਰਵਾਉਣ ਲਈ ਮਜ਼ਦੂਰ ਇਕਜੁੱਟ ਹੋ ਕੇ ਸੰਘਰਸ਼ ਕਰੇ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਰਾਜਵਿੰਦਰ ਰਾਣਾ, ਮਨਜੀਤ ਕੌਰ ਜੋਗਾ, ਜਰਨੈਲ ਸਿੰਘ ਮਾਨਸਾ, ਸੁਖਵਿੰਦਰ ਬੋਹਾ, ਜੀਤ ਸਿੰਘ ਬੋਹਾ,ਜੱਗੀ ਫਤਿਹਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਧਰਨਾਕਾਰੀਆਂ ਦੀਆਂ ਮੰਗਾਂ ਮੰਨਣ ਦਾ ਭਰੋਸਾ
ਪ੍ਰਸ਼ਾਸਨ ਨੇ ਧਰਨਾਕਾਰੀਆਂ ਦੇ ਤਿੱਖੇ ਤੇਵਰਾਂ ਨੂੰ ਦੇਖਦਿਆਂ ਗੱਲਬਾਤ ਆਰੰਭੀ। ਇਸ ਦੌਰਾਨ ਮਜ਼ਦੂਰਾਂ ਦੇ ਇੱਕਠ ਵਿੱਚ ਆ ਕੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਨਰਮੇ ਦੀ ਮਾਰ ਦਾ ਮੁਆਵਜ਼ਾ ਇੱਕ ਦਰਜਨ ਪਿੰਡਾਂ ਨੂੰ ਅੱਜ ਹੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਹਰ ਰੋਜ਼ ਪੰਜ ਪਿੰਡਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਆਵਜ਼ੇ ਤੋਂ ਵਾਂਝੇ ਮਜ਼ਦੂਰਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।