ਪੱਤਰ ਪ੍ਰੇਰਕ
ਗਿੱਦੜਬਾਹਾ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਪਤਸਰ ਛੱਤਿਆਣਾ ’ਚ ਹੋਈ। ਮੀਟਿੰਗ ਵਿੱਚ ਸੰਸਾਰ ਬੈਂਕ ਤੋਂ ਪਾਣੀ ਬਚਾਉਣ ਮੁਹਿੰਮ ਤਹਿਤ ਪੰਜਾਬ ਵਿੱਚ ਲੱਗ ਰਹੇ ਪੰਜ ਰੋਜ਼ਾ ਮੋਰਚਿਆਂ ਦੀ ਤਿਆਰੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਾਗੂ ਕਰਨ ਦੀ ਵਿਉਂਤਬੰਦੀ ਕੀਤੀ ਗਈ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਮੰਗ ਕੀਤੀ ਕਿ ਪਾਣੀਆਂ ਨੂੰ ਵੇਚਣ ਦੀ ਨੀਅਤ ਨਾਲ ਲਿਆਂਦੀ ਕੌਮੀ ਜਲ ਨੀਤੀ 2021 ਰੱਦ ਕੀਤੀ ਜਾਵੇ, ਨਵਾਂ ਖੇਤੀ ਮਾਡਲ ਰੱਦ ਕਰ ਕੇ ਵਾਤਾਵਰਨ ਅਨੁਕੂਲ ਤੇ ਰਵਾਇਤੀ ਖੇਤੀ ਮਾਡਲ ਲਾਗੂ ਕੀਤਾ ਜਾਵੇ , ਸੰਸਾਰ ਬੈਂਕ ਵੱਲੋਂ ਲਾਏ ਸਾਰੇ ਪ੍ਰਾਜੈਕਟ ਬੰਦ ਕੀਤੇ ਜਾਣ ਤੇ ਸਮਝੌਤੇ ਵੀ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਾਉਣ ਲਈ 31 ਜੁਲਾਈ ਦੇ ਭਾਰਤ ਪੱਧਰ ਜਾਮ ਐਕਸ਼ਨਾਂ ਦੇ ਸੱਦੇ ਸਮੇਤ ਸਾਰੇ ਐਕਸ਼ਨਾਂ ਨੂੰ ਲਾਗੂ ਕੀਤਾ ਜਾਵੇਗਾ।