ਪੱਤਰ ਪ੍ਰੇਰਕ
ਮੌੜ ਖੁਰਦ, (ਬਠਿੰਡਾ), 9 ਜੂਨ
ਆਤਮ ਪ੍ਰਗਾਸ ਸੰਸਥਾ ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜ ਰਹੀ ਹੈ। ਆਤਮ ਪਰਗਾਸ ਸੰਸਥਾ ਦੇ ਚੇਅਰਮੈਨ ਡਾ. ਵਰਿੰਦਰਪਾਲ ਸਿੰਘ ਨੇ ਅੱਜ ਪਿੰਡ ਮੌੜ, ਜ਼ਿਲ੍ਹਾ ਬਠਿੰਡਾ ਦੇ ਸ਼ਹੀਦ ਕਿਸਾਨ ਸਤਪਾਲ ਸਿੰਘ ਦੇ ਘਰ ਦਾ ਦੌਰਾ ਕਰਦਿਆਂ ਪੀੜਤ ਕਿਸਾਨ ਪਰਿਵਾਰ ਦੀ ਬਾਂਹ ਫੜੀ। ਉਨ੍ਹਾਂ ਕਿਹਾ ਕਿ ਸਤਪਾਲ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਸਮੇਤ ਭਰਾ, ਭਰਜਾਈ, ਦੋ ਭਤੀਜੀਆਂ ਅਤੇ ਇੱਕ ਛੋਟਾ ਭਤੀਜਾ ਛੱਡ ਗਿਆ ਹੈ। ਪਰਿਵਾਰ ਕੋਲ ਰੋਜ਼ੀ ਰੋਟੀ ਦਾ ਕੋਈ ਯੋਗ ਸਾਧਨ ਨਹੀਂ ਹੈ। ਆਤਮ ਪ੍ਰਗਾਸ ਸੰਸਥਾ ਨੇ ਪੀੜਤ ਪਰਿਵਰ ਨੂੰ ਦਸ ਹਜ਼ਾਰ ਰੁਪਏ ਮਾਸਿਕ ਮਦਦ ਅਰੰਭ ਕਰ ਦਿੱਤੀ ਹੈ ਅਤੇ ਨਾਲ ਹੀ ਪਰਿਵਾਰ ਨੂੰ ਆਪਣੇ ਹੀ ਪੈਰਾਂ ’ਤੇ ਖੜ੍ਹੇ ਕਰਨ ਲਈ ਦੁੱਧ ਦੇ ਕਾਰੋਬਾਰ ਦੀ ਸ਼ੁਰੂਆਤ ਕਰਨ ਲਈ 82,000 ਰੁਪਏ ਦੀ ਮੱਝ ਖਰੀਦ ਕੇ ਦਿੱਤੀ ਹੈ। ਇਸ ਮੌਕੇ ਸਿੱਧੂਪੁਰ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ, ਖਜ਼ਾਨਚੀ ਕਰਨੈਲ ਸਿੰਘ, ਜਗਸੀਰ ਸਿੰਘ ਹਾਜ਼ਰ ਸਨ। ਡਾ. ਵਰਿੰਦਰਪਾਲ ਸਿੰਘ ਨੇ ਸਤਪਾਲ ਸਿੰਘ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ, ਪੁਸਤਕਾਂ ਅਤੇ ਸੁਖਚੈਨ ਦਾ ਬੂਟਾ ਦੇ ਕੇ ਸਨਮਾਨਿਤ ਕੀਤਾ।