ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੂਨ
ਮਾਲਵਾ ਪੱਟੀ ਵਿੱਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਛੋਟੀਆਂ ਫ਼ਸਲਾਂ ਮੱਚਣ ਲੱਗੀਆਂ ਹਨ, ਜਿਨ੍ਹਾਂ ਨੂੰ ਬਚਾਉਣ ਲਈ ਕਿਸਾਨਾਂ ਨੇ ਪਾਣੀ ਦੇਣਾ ਆਰੰਭ ਕਰ ਦਿੱਤਾ ਹੈ। ਇਹ ਪਾਣੀ ਮਹਿੰਗੇ ਭਾਅ ਦਾ ਡੀਜ਼ਲ ਫੂਕਕੇ ਦਿੱਤਾ ਜਾਣ ਲੱਗਾ ਹੈ। ਅੱਜ-ਕੱਲ੍ਹ ਮਾਲਵਾ ਖੇਤਰ ਦੀਆਂ ਨਹਿਰਾਂ ਕੋਟਲਾ ਬ੍ਰਾਂਚ ਅਤੇ ਭਾਖੜਾ ਵਿੱਚ ਪਾਣੀ ਦੀ ਬੰਦੀ ਚੱਲ ਰਹੀ ਹੈ, ਜਦੋਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨੂੰ ਸਿਰਫ਼ ਇੱਕ ਦਿਨ ਛੱਡ ਕੇ ਹੀ ਤਿੰਨ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ।
ਖੇਤੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫ਼ਸਲਾਂ ਤੋਂ ਗਰਮੀ ਸਹਾਰੀ ਨਹੀਂ ਜਾ ਰਹੀ ਹੈ, ਜਿਸ ਕਾਰਨ ਉਹ ਦਮ ਤੋੜਨ ਲੱਗੀਆਂ ਹਨ।
ਇਸ ਦੌਰਾਨ ਅੱਜ ਸ਼ਹਿਰ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਪਿੰਡਾਂ ’ਚੋਂ ਆਉਣ ਵਾਲੇ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਹ ਲੋਕ ਖਾਰਸ਼, ਗਲਾ ਖਰਾਬ, ਬੁਖ਼ਾਰ, ਪੇਟ ਇਨਫੈਕਸ਼ਨ ਤੇ ਉਲਟੀਆਂ-ਟੱਟੀਆਂ ਦੀਆਂ ਸਮੱਸਿਆਵਾਂ ਆਦਿ ਤੋਂ ਪੀੜਤ ਸਨ।
ਇਸ ਸਬੰਧੀ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਗਰਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਘਰਾਂ ’ਚੋਂ ਦੁਪਹਿਰ ਸਮੇਂ ਘੱਟ ਤੋਂ ਘੱਟ ਨਿਕਲਣ ਦੀ ਸਲਾਹ ਦਿੱਤੀ ਗਈ ਹੈ, ਪਰ ਫਿਰ ਵੀ ਗਰਮੀ ਦਾ ਪ੍ਰਕੋਪ ਝੱਲਿਆ ਨਾ ਜਾਣ ਕਾਰਨ ਬੱਚਿਆਂ ਸਮੇਤ ਬਜ਼ੁਰਗ ਅਤੇ ਔਰਤਾਂ ਬਿਮਾਰ ਹੋਣ ਲੱਗੀਆਂ ਹਨ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਜੇਕਰ ਦੋ-ਚਾਰ ਦਿਨ ਮੀਂਹ ਨਾ ਪਿਆ ਤਾਂ ਪਹਿਲਾਂ ਬੀਜੀਆਂ ਸਾਰੀਆਂ ਫ਼ਸਲਾਂ ਲੂ ਕਾਰਨ ਖਰਾਬ ਹੋ ਜਾਣਗੀਆਂ।