ਭਗਵਾਨ ਦਾਸ ਗਰਗ
ਨਥਾਣਾ, 13 ਅਪਰੈਲ
ਪੰਜਾਬ ਸਰਕਾਰ ਵੱਲੋਂ ਦਸ ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸੁਰੂ ਕੀਤੇ ਜਾਣ ਵਾਲੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਅੱਜ ਚੌਥੇ ਦਿਨ ਵੀ ਨਥਾਣਾ ਅਤੇ ਆਸ-ਪਾਸ ਦੇ ਖਰੀਦ ਕੇਂਦਰਾਂ ਵਿੱਚ ਕਿਧਰੇ ਵੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਦਰਜਨ ਤੋਂ ਵੱਧ ਛੋਟੇ ਵੱਡੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਫ਼ਸਲ ਢੇਰੀ ਕਰਨ ਲਈ ਕੋਈ ਜਗ੍ਹਾ ਨਹੀਂ ਬਚੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਕਿਸਾਨ ਨੇਤਾ ਸੁਰਮੁੱਖ ਸਿੰਘ ਸੇਲਬਰਾਹ ਅਤੇ ਡਕੌਂਦਾ ਗਰੁੱਪ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਦੋਸ਼ ਲਾਇਆ ਕਿ ਕਿਸੇ ਵੀ ਸਰਕਾਰੀ ਏਜੰਸੀ ਵੱਲੋਂ ਹਾਲੇ ਤੱਕ ਖਰੀਦ ਸ਼ੁਰੂ ਨਾ ਕਰਨਾ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਿਸਾਨ ਜਥੇਬੰਦੀਆਂ ਦੇ ਆਗੂਆਂ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਅਤੇ ਤੇਜ਼ਾ ਸਿੰਘ ਮੱਲੀ, ਭਾਕਿਯੂ ਕਾਦੀਆਂ ਦੇ ਇਕਾਈ ਪ੍ਰਧਾਨ ਜਿੰਦਰ ਸਿੰਘ ਖਹਿਰਾ, ਭਾਕਿਯੂ ਡਕੌਂਦਾ ਦੇ ਪਰਮਜੀਤ ਸਿੰਘ, ਭਾਕਿਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਝੱਜ ਨੇ ਖਰੀਦ ਕੇਂਦਰ ਸ਼ਹਿਣਾ ਦਾ ਦੌਰਾ ਕੀਤਾ ਅਤੇ ਮੰਡੀ ’ਚ ਖਰੀਦ, ਬਾਰਦਾਨਾ, ਪੀਣ ਵਾਲੇ ਪਾਣੀ ਤੇ ਛਾਂ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ’ਚ ਨਾ ਤਾਂ ਕੋਈ ਖਰੀਦਦਾਰ ਪਹੁੰਚਿਆ ਹੈ ਅਤੇ ਨਾ ਹੀ ਬੋਲੀ ਲੱਗੀ ਹੈ। ਮੰਡੀਆਂ ਵਿੱਚ ਬਾਰਦਾਨਾ ਵੀ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਖਰੀਦ ‘ਚ ਤੇਜ਼ੀ ਲਿਆਂਦੀ ਜਾਵੇ।
ਸਿਰਸਾ (ਪ੍ਰਭੂ ਦਿਆਲ): ਜਦੋਂ ਹਾੜ੍ਹੀ ਦੀ ਵਾਢੀ ਦਾ ਜ਼ੋਰ ਚੱਲ ਰਿਹਾ ਹੈ ਤਾਂ ਕਿਸਾਨ ਜਿਣਸ ਵੇਚਣ ਲਈ ਪੰਜ-ਪੰਜ ਦਿਨਾਂ ਤੋਂ ਮੰਡੀਆਂ ’ਚ ਰੁਲ ਰਹੇ ਹਨ। ਨਾ ਵੇਲੇ ਸਿਰ ਕਿਸਾਨਾਂ ਨੂੰ ਟੋਕਨ ਮਿਲ ਰਿਹਾ ਹੈ ਤੇ ਨਾ ਹੀ ਬਾਰਦਾਨਾ। ਸਿਰਸਾ ਦੀ ਦਾਣਾ ਮੰਡੀ ਵਿੱਚ ਕਣਕ ਵੇਚਣ ਆਏ ਪਿੰਡ ਮਹਿਣਾ ਖੇੜਾ ਦੇ ਕਿਸਾਨ ਮੋਹਨ ਲਾਲ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਇਆ ਹੋਇਆ ਹੈ ਪਰ ਆੜ੍ਹਤੀ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਬਾਰਦਾਨਾ ਨਾ ਹੋਣ ਦੀ ਗੱਲ ਕਹਿ ਕੇ ਉੁਸ ਨੂੰ ਟਾਲ ਰਹੇ ਹਨ। ਪਿੰਡ ਭੰਬੂਰ ਦੇ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪੰਜ ਦਿਨਾਂ ਤੋਂ ਆਪਣੀ ਕਣਕ ਮੰਡੀ ਵਿੱਚ ਲਿਆ ਕੇ ਬੈਠਾ ਹੈ ਪਰ ਕਣਕ ਵਿਕੀ ਨਹੀਂ। ਪਿੰਡ ਨੇਜਾਡੇਲਾ ਕਲਾਂ ਦੇ ਸਤਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋ ਰਹੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ ਨੇ ਦੱਸਿਆ ਕਿ ਮੰਡੀ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਕਿਸਾਨਾਂ ਨੂੰ ਟੋਕਨ ਦਿੱਤੇ ਜਾ ਰਹੇ ਹਨ ਅਤੇ ਟੋਕਨ ਦੇ ਹਿਸਾਬ ਨਾਲ ਹੀ ਕਣਕ ਦੀ ਤੁਲਾਈ ਹੋ ਰਹੀ ਹੈ।