ਪੱਤਰ ਪ੍ਰੇਰਕ
ਮੋਗਾ, 29 ਜੂਨ
ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਮੋਗਾ ਤੇ ਹਰਿਆਣਾ ਦੀ ਗਠਿਤ ਟੀਮ ਵੱਲੋਂ ਮੋਗਾ ਦੇ ਇੱਕ ਨਿੱਜੀ ਹਸਪਤਾਲ ’ਚ ਕੀਤੇ ਜਾਂਦੇ ਅਲਟਰਾਸਾਉਂਡ ਦੀ ਆੜ ’ਚ ਭਰੂਣ ਦੀ ਜਾਂਚ ਕਰਨ ਦਾ ਕੇਸ ਸਾਹਮਣੇ ਆਇਆ ਹੈ। ਸਿਵਲ ਸਰਜਨ ਮੋਗਾ ਦੇ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਮੋਗਾ ਦੀ ਮਨਦੀਪ ਕੌਰ ਨੇ ਇੱਕ ਪਰਿਵਾਰ ਨਾਲ ਪੰਜਾਹ ਹਜ਼ਾਰ ਰੁਪਏ ਵਿੱਚ ਭਰੂਣ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਸੀ। ਗਰਭਵਤੀ ਮਹਿਲਾ ਦੇ ਪਰਿਵਾਰ ਨੇ ਮਨਦੀਪ ਕੌਰ ਦੇ ਸਾਥੀ ਪਵਨ ਦੇ ਖਾਤੇ ਵਿੱਚ ਆਨਲਾਈਨ ਦਸ ਹਜ਼ਾਰ ਰੁਪਏ ਪਾ ਵੀ ਦਿੱਤੇ ਸਨ। ਬਾਕੀ ਚਾਲੀ ਹਜ਼ਾਰ ਰੁਪਏ ਮੋਗਾ ਬੱਸ ਅੱਡੇ ਵਿੱਚ ਪੁੱਜ ਕੇ ਦਿੱਤੇ ਗਏ। ਸ਼ਾਮ ਪੰਜ ਵਜੇ ਗਰਭਵਤੀ ਔਰਤ ਦਾ ਸਵੇਰਾ ਹਸਪਤਾਲ ਵਿੱਚ ਸਕੈਨ ਕਰਕੇ ਮੁੰਡਾ/ਕੁੜੀ ਦੀ ਰਿਪੋਰਟ ਕਥਿਤ ਦੋਸ਼ੀ ਮਨਦੀਪ ਕੌਰ ਤੇ ਪਵਨ ਸਿੰਘ ਦੇ ਵਟਸਐਪ ’ਤੇ ਵੀ ਭੇਜੀ ਗਈ ਸੀ। ਸਿਵਲ ਸਰਜਨ ਡਾ. ਕਲੇਰ ਨੇ ਦੱਸਿਆ ਕਿ ਡਾ. ਇੰਦਰਵੀਰ ਸਿੰਘ, ਡਾ. ਅਸ਼ੋਕ ਸਿੰਗਲਾ, ਡਾ. ਹਰਪਰੀਤ ਸਿੰਘ ਗਰਚਾ (ਰੇਡੀਓਲੋਜਿਸਟ) ਆਦਿ ਦੀ ਟੀਮ ਵੱਲੋਂ ਸਿਰਸਾ/ਹਿਸਾਰ (ਹਰਿਆਣਾ) ਦੀ ਟੀਮ ਨਾਲ ਮਿਲ ਕੇ ਸਵੇਰਾ ਹਸਪਤਾਲ ’ਤੇ ਛਾਪਾ ਮਾਰਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲੀਸ ਨੂੰ ਮਨਦੀਪ ਕੌਰ ਤੇ ਪਵਨ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਦਸਤਾਵੇਜ਼ ਦਿੱਤੇ। ਪੁਲੀਸ ਨੇ ਪਵਨ ਸਿੰਘ ਤੇ ਮਨਦੀਪ ਕੌਰ ਮਹਿਲਾ ਗਰਭਵਤੀ ਪਰਿਵਾਰ ਵੱਲੋਂ ਦਿੱਤੇ ਚਾਲੀ ਹਜ਼ਾਰ ’ਚੋਂ ਅਠੱਤੀ ਹਜ਼ਾਰ ਪੰਜ ਸੌ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਜੋੜੇ ਨੂੰ ਹਿਰਾਸਤ ’ਚ ਲੈ ਲਿਆ ਹੈ।