ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਅਕਤੂਬਰ
ਕਿਸਾਨਾਂ ਤੋਂ ਕੇਂਦਰੀ ਪੂਲ ਲਈ 30 ਫ਼ੀਸਦੀ ਫਸਲ ਖਰੀਦਣ ਵਾਲੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਨੇ ਇਸ ਵਾਰ ਝੋਨੇ ਦੀ ਖਰੀਦ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ। ਜ਼ਿਲ੍ਹੇ ’ਚ ਹੁਣ ਤੱਕ ਐੱਫਸੀਆਈ ਨੇ ਝੋਨੇ ਦਾ ਇੱਕ ਦਾਣਾ ਵੀ ਨਹੀਂ ਖਰੀਦਿਆ। ਕਿਸਾਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਵਿਰੁੱਧ ਕਿਸਾਨੀ ਸੰਘਰਸ਼ ਤੋਂ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਕਿਸਾਨਾਂ ’ਤੇ ਦੁਸ਼ਮਣਾ ਵਾਂਗ ਪਾਬੰਦੀਆਂ ਥੋਪਣ ਲੱਗ ਪਏ ਹਨ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ ਕੁੱਲ 575.1083 ਲੱਖ ਮੀਟਰਿਕ ਟਨ ਝੋਨੇ ਦੀ ਆਮਦ ’ਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 547.7584 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 404.5932 ਲੱਖ ਮੀਟਰਿਕ ਟਨ ਝੋਨੇ ਦੀ ਚੁਕਾਈ ਹੋ ਚੁੱਕੀ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ ਤੇ ਭਾਕਿਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਾਲ ਗੱਡੀਆਂ ਚਲਾਉਣ ਦੀ ਸਹਿਮਤੀ ਦੇ ਬਾਵਜੂਦ ਮਾਲ ਗੱਡੀਆਂ ਰੋਕਣਾ/ਗ੍ਰਾਮੀਣ ਵਿਕਾਸ ਫ਼ੰਡ (ਆਰਡੀਐੱਫ) ਰੋਕਣਾ ਅਤੇ ਜੀਐੱਸਟੀ ਖੱਜਲ-ਖੁਆਰੀ ਕਰਨਾ ਨਾ ਕੇਵਲ ਪੰਜਾਬ ਪ੍ਰਤੀ ਬਦਲੇਖ਼ੋਰੀ ਵਾਲੀ ਭਾਵਨਾ ਹੈ ਬਲਕਿ ਪੰਜਾਬ ਦੇ ਅਧਿਕਾਰਾਂ ’ਤੇ ਹਮਲਾ ਵੀ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਕਣਕ, ਝੋਨੇ ਦੀ ਖਰੀਦ ਤੋਂ ਇਸ ਤਰ੍ਹਾਂ ਪਿੱਛੇ ਹਟੇਗੀ ਤਾਂ ਕਿਸਾਨਾਂ ਦਾ ਜਿਉਣਾ ਮੁਸ਼ਕਿਲ ਹੋ ਜਾਵੇਗਾ।