ਪੱਤਰ ਪ੍ਰੇਰਕ
ਮਾਨਸਾ, 27 ਸਤੰਬਰ
ਇੱਥੋਂ ਦੇ ਪਿੰਡ ਖਿੱਲਣ ਦੇ ਕਿਸਾਨ ਜਗਸੀਰ ਸਿੰਘ ਦੀ ਜ਼ਮੀਨ ਦੀ ਨਿਲਾਮੀ ਅੱਜ ਉਸ ਵੇਲੇ ਰੁਕ ਗਈ, ਜਦੋਂ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਝੰਡੇ ਚੁੱਕ ਲਏ। ਜਥੇਬੰਦੀ ਨੇ ਇਸ ਦਾ ਵਿਰੋਧ ਕਰਦਿਆਂ ਮਾਨਸਾ ਦੇ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਾਇਆ। ਇਹ ਨਿਲਾਮੀ ਇੱਕ ਆੜ੍ਹਤੀਏ ਵੱਲੋਂ ਲਏ ਗਏ ਕਰਜ਼ੇ ਬਦਲੇ ਕੀਤੀ ਜਾਣੀ ਸੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪੀੜਤ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਇੱਕ ਆੜ੍ਹਤੀਏ ਵੱਲੋਂ 478000 ਰੁਪਏ ਬਦਲੇ ਕੀਤੀ ਜਾਣੀ ਸੀ ਅਤੇ ਜਦੋਂ ਪੀੜਤ ਕਿਸਾਨ ਨੇ ਇਹ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਤਾਂ ਜਥੇਬੰਦੀ ਵੱਲੋਂ ਮਾਨਸਾ ਦੇ ਤਹਿਸੀਲਦਾਰ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਕਰੋਨਾ ਅਤੇ ਹੋਰ ਕੁਦਰਤੀ ਆਫਤਾਂ ਕਾਰਨ ਕਿਸਾਨ ਦੀ ਮਾਲੀ ਹਾਲਤ ਖ਼ਰਾਬ ਹੋ ਚੁੱਕੀ ਸੀ, ਜਿਸ ਕਰਕੇ ਉਹ ਕਰਜ਼ਾ ਵਾਪਸ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਕਿਸਾਨ ਵਰਕਰਾਂ ਦੇ ਰੋਹ ਨੂੰ ਦੇਖਦੇ ਹੋਏ ਕੋਈ ਵੀ ਖਰੀਦਦਾਰ ਨਿਲਾਮੀ ਕਰਨ ਨਹੀਂ ਆਇਆ ਅਤੇ ਨਾ ਹੀ ਕੋਈ ਅਧਿਕਾਰੀ ਪੁੱਜਿਆ। ਜਥੇਬੰਦੀ ਦੇ ਆਗੂ ਭਾਨ ਸਿੰਘ ਬਰਨਾਲਾ ਨੇ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਰਜ਼ਾ ਖ਼ਤਮ ਕਰਨ ਅਤੇ ਫਸਲ ਦੀ ਪੂਰੀ ਰਕਮ ਦੇਣ ਦੇ ਭਰੋਸੇ ਦੇ ਰਹੀ ਹੈ ਅਤੇ ਇਸ ਦੇ ਉਲਟ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚ ਕੁਰਕੀਆਂ ਦੇ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਕਿਸਾਨ ਦੀ ਜ਼ਮੀਨ ਜਾਂ ਮਜ਼ਦੂਰ ਦਾ ਘਰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਮਹਿੰਦਰ ਸਿੰਘ ਖਿੱਲਣ, ਦਰਸ਼ਨ ਸਿੰਘ ਖਿੱਲਣ, ਜਗਦੇਵ ਸਿੰਘ ਮਾਨਸਾ, ਸੋਨੀ ਦਰਾਕਾ ਮਾਨਸਾ ਨੇ ਵੀ ਸੰਬੋਧਨ ਕੀਤਾ।