ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 15 ਦਸੰਬਰ
ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪੇਂਡੂ ਪੱਧਰ ’ਤੇ ਲੋਕਾਂ ਵੱਲੋਂ ਸੰਘਰਸ਼ ਦੇ ਨਵੇਂ ਨਵੇਂ ਤਰੀਕੇ ਅਖਤਿਆਰ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਸੰਘਰਸ਼ ਦਾ ਨਵਾਂ ਤਰੀਕਾ ਪਿੰਡ ਪੰਜਾਵਾ ਮਾਡਲ ਵਿੱਚ ਵੇਖਣ ਨੂੰ ਮਿਲਿਆ ਹੈ। ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਪੱਧਰ ’ਤੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ। ਇਕੱਠ ਵਿੱਚ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਜੀਓ ਕੰਪਨੀ ਦੇ ਟਾਵਰ ਉੱਤੇ ਜਾ ਕੇ ਗੱਡ ਦਿੱਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜੇ ਤਾਂ ਸ਼ੁਰੂਆਤ ਹੈ ਜੇ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਪਿੰਡਾਂ ਵਿੱਚ ਲੱਗੇ ਜੀਓ ਕੰਪਨੀ ਦੇ ਟਾਵਰ ਬੰਦ ਕਰ ਦਿੱਤੇ ਜਾਣਗੇ। ਪਿੰਡ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਖੀਸਿਆਂ ਵਿੱਚ ਲੁਕ ਕੇ ਬੈਠੀ ਹੈ। ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ ਉਦੋਂ ਤੋਂ ਹੀ ਸਾਰੇ ਫ਼ੈਸਲੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਲਏ ਜਾ ਰਹੇ ਹਨ। ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਜੇ ਖੇਤੀ ਵਿਰੋਧੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਪਿੰਡ ਵਿੱਚ ਅੰਬਾਨੀ ਅਤੇ ਅਦਾਨੀ ਦੀਆਂ ਕੰਪਨੀਆਂ ਦੀਆਂ ਚੀਜ਼ਾਂ ਮੁਕੰਮਲ ਤੌਰ ’ਤੇ ਨਹੀਂ ਵਿਕਣ ਦਿੱਤੀਆਂ ਜਾਣਗੀਆਂ।
ਦਿੱਲੀ ਮੋਰਚੇ ’ਤੇ ਦੋ ਕੁਇੰਟਲ ਖੋਆ ਭੇਜਣ ਦਾ ਫੈਸਲਾ
ਸ਼ਹਿਣਾ (ਪੱਤਰ ਪ੍ਰੇਰਕ) ਬਲਾਕ ਸ਼ਹਿਣਾ ਦੇ ਪਿੰਡ ਨਿੰਮ ਵਾਲਾ ਮੌੜ ਦੀ ਸੰਗਤ ਨੇ ਰਲ ਮਿਲਕੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ ਲਈ ਗਏ ਕਿਸਾਨਾਂ ਵਾਸਤੇ ਦੋ ਕੁਇੰਟਲ ਖੋਆ ਤਿਆਰ ਕਰਕੇ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਿੰਡ ਵਾਸੀ ਨਛੱਤਰ ਸਿੰਘ, ਸਰਬਜੀਤ ਸਿੰਘ, ਬੋਘਾ ਸਿੰਘ, ਜਗਰਾਜ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਮਨਦੀਪ ਸਿੰਘ, ਸੋਨੀ ਸਿੰਘ ਨੇ ਦੱਸਿਆ ਕਿ ਜੇ ਪਿੰਡ ਵਾਸੀ ਇਸੇ ਪ੍ਰਕਾਰ ਸਹਿਯੋਗ ਕਰਦੇ ਰਹੇ ਤਾਂ ਸੇਵਾ ਜਾਰੀ ਰੱਖੀ ਜਾਵੇਗੀ।