ਖੇਤਰੀ ਪ੍ਰਤੀਨਿਧ
ਬਰਨਾਲਾ, 14 ਸਤੰਬਰ
ਇੱਥੇ ਰੇਲਵੇ ਸਟੇਸ਼ਨ ’ਤੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਸਾਂਝੇ ਕਿਸਾਨ ਮੋਰਚੇ ਵਿੱਚ ਅੱਜ ਬੁਲਾਰਿਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਧਰਨੇ ਪੰਜਾਬ ’ਚੋਂ ਚੁੱਕ ਕੇ ਹਰਿਆਣਾ ਜਾਂ ਦਿੱਲੀ ਲਿਜਾਣ ਦੇ ਦਿੱਤੇ ਬਿਆਨ ਲਈ ਕਾਂਗਰਸ ਤੇ ਕੈਪਟਨ ਨੂੰ ਆਢੇ ਹੱਥੀਂ ਲਿਆ। ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਦਾ ਬਿਆਨ ਸੁਣ ਕੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਅਸਲ ਵਿੱਚ ਇਨ੍ਹਾਂ ਕਾਰਪੋਰੇਟ-ਪੱਖੀ ਤੇ ਲੋਕ-ਵਿਰੋਧੀ ਨਵਉਦਾਰਵਾਦੀ ਨੀਤੀਆਂ ਦੀ ਜਨਮ-ਦਾਤੀ ਕਾਂਗਰਸ ਪਾਰਟੀ ਹੀ ਹੈ। ਇਹ ਮਹਿਜ਼ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਦੀ ਮਜਬੂਰੀ ਕਾਰਨ ਕਿਸਾਨ-ਅੰਦੋਲਨ ਦਾ ਸਮਰਥਨ ਕਰਨ ਦਾ ਪਖੰਡ ਕਰਦੀ ਆ ਰਹੀ ਹੈ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ,ਉਜਾਗਰ ਸਿੰਘ ਬੀਹਲਾ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਗੁਰਚਰਨ ਸਿੰਘ ਸੁਰਜੀਤਪੁਰਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਗੁਰਦੇਵ ਮਾਂਗੇਵਾਲ ਨੇ ਸੰਬੋਧਨ ਕੀਤਾ।
ਆਲ ਇੰਡੀਆ ਕਿਸਾਨ ਸਭਾ ਦੇ ਆਗੂ ਗੁਰਮੇਲ ਸ਼ਰਮਾ ਭਦੌੜ ਨੇ ਆਪਣੀ ਪੋਤਰੀ ਗੁਰਮੇਹਰ ਸ਼ਰਮਾ ਦੇ ਜਨਮ ਦੀ ਖੁਸ਼ੀ ‘ਚ 2100 ਰੁਪਏ ਦੀ ਆਰਥਿਕ ਸਹਾਇਤਾ ਕੀਤੀ।
ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਧਰਨਾ ਵੀ ਆਪਣੇ 349 ਵਾਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਭੋਲਾ ਸਿੰਘ ਤੇ ਬਸੰਤ ਸਿੰਘ ਨੇ ਸੰਬੋਧਨ ਕੀਤਾ। ਬਹਾਦਰ ਸਿੰਘ ਕਾਲਾ ਧਨੌਲਾ ਨੇ ਆਪਣੇ ਇਨਕਲਾਬੀ ਗੀਤ ਨਾਲ ਪੰਡਾਲ ’ਚ ਜੋਸ਼ ਭਰਿਆ।