ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਮਈ
ਇਥੇ ਭਾਸ਼ਾ ਵਿਭਾਗ ਵੱਲੋਂ ਡੀਐੱਮ ਕਾਲਜ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਵਿੱਚ ਵਿਅੰਗ ਲੇਖਕ ਕੇਐੱਲ ਗਰਗ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਗੁਰਪ੍ਰੀਤ ਘਾਲੀ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਭਾਸ਼ਾ ਵਿਭਾਗ, ਪੰਜਾਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੇਐੱਲ ਗਰਗ ਦੀ ਸਾਹਿਤਕ ਦੇਣ ਬਾਰੇ ਵਿਸਥਾਰ ਨਾਲ ਦੱਸਿਆ ਕਿ ਉਨ੍ਹਾਂ ਨੇ 80-85 ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ, ਜਿਨ੍ਹਾਂ ਵਿਚੋਂ ਸੰਪਾਦਨ ਦੇ ਖੇਤਰ ਵਿਚ ਉਨ੍ਹਾਂ ਨੂੰ 2018 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਲੇਖਕ ਕੇ.ਐੱਲ. ਗਰਗ ਨੇ ਆਪਣੇ ਜੀਵਨ ਅਨੁਭਵਾਂ ਅਤੇ ਸਾਹਿਤਕ ਸਫ਼ਰ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬਚਪਨ ਵਿਚ ਉਨ੍ਹਾਂ ਨੂੰ ਘੋਰ ਗਰੀਬੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਤਰ੍ਹਾਂ ਦੇ ਛੋਟੇ-ਮੋਟੇ ਕੰਮ ਧੰਦੇ ਵੀ ਕਰਨੇ ਪਏ। ਉਨ੍ਹਾਂ ਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਮੁਸ਼ਕਲ ਹਾਲਾਤਾਂ ਉਪਰ ਕਾਬੂ ਪਾਉਂਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਧਿਆਪਨ ਦਾ ਕਿੱਤਾ ਅਪਣਾਉਂਦਿਆਂ ਨਾਲ-ਨਾਲ ਆਪਣਾ ਸਾਹਿਤਕ ਸਫ਼ਰ ਵੀ ਜਾਰੀ ਰੱਖਿਆ। ਸਰੋਤਿਆਂ ਅਤੇ ਕੇ.ਐੱਲ. ਗਰਗ ਦਰਮਿਆਨ ਸਾਂਝੇ ਹੋਏ ਸੁਆਲਾਂ-ਜੁਆਬਾਂ ਦਾ ਦਿਲਚਸਪ ਪੜਾਅ ਇਸ ਸਮਾਗਮ ਦੀ ਪ੍ਰਾਪਤੀ ਰਹੀ।
ਇਸ ਮੌਕੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੇਐੱਲ ਗਰਗ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਗੁਰਮੇਲ ਸਿੰਘ ਬੌਡੇ, ਅਮਰਜੀਤ ਘੋਲੀਆ, ਪ੍ਰਿੰਸੀਪਲ ਐੱਸ. ਕੇ. ਸ਼ਰਮਾ, ਦਵਿੰਦਰ ਗਿੱਲ, ਗੁਰਦੇਵ ਦਰਦੀ, ਨਰਿੰਦਰ ਰੋਹੀ ਆਦਿ ਹਾਜ਼ਰ ਸਨ।