ਗੁਰਪ੍ਰੀਤ ਦੌਧਰ
ਅਜੀਤਵਾਲ, 27 ਜੂਨ
ਇਤਿਹਾਸਕ ਪਿੰਡ ਢੁੱਡੀਕੇ ਦੇ ਸੰਸਾਰ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ ਦਿਵਸ ਲੇਖਕ ਪਾਠਕ ਮੰਚ ਢੁੱਡੀਕੇ ਵੱਲੋਂ ਬਾਬਾ ਪਾਖਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ। ਮਾਸਟਰ ਹਰੀ ਸਿੰਘ ਢੁੱਡੀਕੇ ਨੇ ਕੰਵਲ ਸਾਹਿਬ ਦੀ ਜ਼ਿੰਦਗੀ ਵਾਰੇ ਖੁੱਲ੍ਹ ਕੇ ਦੱਸਿਆ ਕਿ ਬੱਚਿਆਂ ਨਾਲ ਗੁੱਲੀ ਡੰਡਾ ਖੇਡਣਾ, ਸ਼ਤਰੰਜ ਖੇਡਣੀ, ਸੱਥ ਵਿੱਚ ਬੈਠਣਾ ਉਨ੍ਹਾਂ ਦੇ ਸ਼ੌਕ ਸਨ। ਹਰਜਿੰਦਰ ਸਿੰਘ ਬੱਗਾ ਨੇ ਆਪਣੀ ਨਵੀਂ ਕਵਿਤਾ ਬੋਤਲ ਸੁਣਾਈ। ਰਮਨਪ੍ਰੀਤ ਕੌਰ ਢੁੱਡੀਕੇ ਨੇ ਕਿਹਾ ਕਿ ਕੰਵਲ ਸਾਹਿਬ ਵਰਗੀਆਂ ਕੁਝ ਵਿਲੱਖਣ ਸ਼ਖ਼ਸੀਅਤਾਂ ਹੁੰਦੀਆਂ ਹਨ। ਜਰਨੈਲ ਸਿੰਘ ਮੱਲੇਆਣਾ ਨੇ ਕਿਹਾ ਕੰਵਲ ਸਾਹਿਬ ਕਰ ਕੇ ਢੁੱਡੀਕੇ ਪਿੰਡ ਮਸ਼ਹੂਰ ਹੋਇਆ। ਬੇਅੰਤ ਬਾਵਾ ਵਾਈਸ ਪ੍ਰਿੰਸੀਪਲ ਨੇ ਕੰਵਲ ਦੀ ਲੇਖਣੀ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ। ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਹਿਤਕਾਰ ਦੇ ਨਾਲ ਉਹ ਪਿੰਡ ਦੇ ਸਰਪੰਚ ਰਹੇ ਅਤੇ ਪਿੰਡ ਦਾ ਬਹੁਮੁਖੀ ਵਿਕਾਸ ਕਰਵਾਇਆ। ਅਸ਼ੋਕ ਚਟਾਨੀ ਸੇਵਾ ਮੁਕਤ ਜ਼ਿਲ੍ਹਾ ਇਕਨਾਮਿਕ ਐਡਵਾਈਜ਼ਰ ਨੇ ਕੰਵਲ ਸਾਹਿਬ ਨਾਲ ਆਪਣੀਆਂ ਯਾਦਾਂ ਸਾਝੀਆਂ ਕੀਤੀਆਂ ਤੇ ਮੰਚ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ।