ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ
ਮਜ਼ਦੂਰਾਂ ਦਾ ਧਰਨਾ ਚੁਕਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਥੇਬੰਦੀ ਦੇ ਸਿੰਘ ਫਸ ਗਏ। ਮਜ਼ਦੂਰ ਮੁਕਤੀ ਮੋਰਚੇ ਦੇ ਧਰਨੇ ਨੂੰ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣਿਓਂ ਚੁਕਵਾਉਣ ਲਈ ਬੀਤੇ ਕੱਲ੍ਹ ਦੇਰ ਸ਼ਾਮ ਭਾਵੇਂ ਥਾਣਾ ਸਿਟੀ-2 ਦੀ ਪ੍ਰਵਾਨਗੀ ਲੈ ਕੇ ਗਈ ਪੁਲੀਸ ਟੀਮ ਨੂੰ ਬੇਰੰਗ ਮੁੜਨਾ ਪਿਆ, ਜਿਸ ਤੋਂ ਬਾਅਦ ਅੱਜ ਧਰਨਾਕਾਰੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ। ਇਸ ਤੋਂ ਤਹਿਸ਼ ਵਿੱਚ ਆ ਕੇ ਧਰਨਾਕਾਰੀਆਂ ਨੇ ਪ੍ਰਸ਼ਾਸਨ ਵਿਰੁੱਧ ਛੁੱਟੀ ਵਾਲੇ ਦਿਨ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਭਲਕੇ 31 ਅਕਤੂਬਰ ਨੂੰ ਮਾਨਸਾ ਵਿਖੇ ਮਜ਼ਦੂਰ ਵੰਗਾਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਤਾਨਾਸ਼ਾਹੀ ਦੇ ਬਾਵਜੂਦ ਇਹ ਪੱਕਾ ਮੋਰਚਾ 88ਵੇਂ ਦਿਨ ਵੀ ਜਾਰੀ ਰਿਹਾ।
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਧਰਨਾ ਚੁਕਵਾਉਣ ਲਈ, ਜੋ ਅਸਫ਼ਲ ਯਤਨ ਕੀਤੇ ਜਾ ਰਹੇ ਹਨ, ਉਹ ਚੰਗੀਆਂ ਪ੍ਰਸ਼ਾਸਨਿਕ ਹਰਕਤਾਂ ਨਹੀਂ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਮਜ਼ਦੂਰ ਦਿਨ-ਰਾਤ ਦੇ ਪੱਕੇ ਮਜ਼ਦੂਰ ਮੋਰਚੇ ਦੇ ਧਰਨੇ ਤੇ ਬੈਠੇ ਹਨ, ਪਰ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਮਜ਼ਦੂਰ ਮੰਗਾਂ ਮੰਨਣ ਦੀ ਥਾਂ ਸ਼ਾਂਤਮਈ ਸੰਘਰਸ਼ ਕਰ ਰਹੇ ਮਜ਼ਦੂਰਾਂ ਦੇ ਧਰਨੇ ਨੂੰ ਵੀ ਜਬਰੀ ਚਕਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਆਮ ਆਦਮੀ ਦੇ ਨਾਂ ’ਤੇ ਵੋਟਾਂ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿਚ ਮਜ਼ਦੂਰਾਂ ਤੋਂ ਸੰਘਰਸ਼ ਕਰਨ ਦਾ ਸੰਵਿਧਾਨਕ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰਹੇਗਾ ਅਤੇ ਕਿਸੇ ਕੀਮਤ ’ਤੇ ਧਰਨਾ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਮੰਗਾਂ ਲਈ ਜੇਲ ਜਾਣਾ ਮਨਜ਼ੂਰ ਹੈ, ਪਰ ਧਰਨਾ ਨਹੀਂ ਚੁੱਕਿਆ ਜਾਵੇਗਾ।
ਉਧਰ ਮਜ਼ਦੂਰਾਂ ਦੇ ਇਸ ਧਰਨੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਗੁਰਜੰਟ ਸਿੰਘ ਮਾਨਸਾ ਵੱਲੋਂ ਧਰਨੇ ਵਿੱਚ ਪਹੁੰਚ ਕੇ ਕਿਹਾ ਕਿ ਇਸ ਲੜਾਈ ਵਿੱਚ ਕਿਸਾਨਾਂ ਵੱਲੋਂ ਮਜ਼ਦੂਰਾਂ ਦਾ ਡੱਟਵਾਂ ਸਾਥ ਦਿੱਤਾ ਜਾਵੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਵਿਜੈ ਕੁਮਾਰ ਭੀਖੀ, ਸੁਖਵਿੰਦਰ ਬੋਹਾ, ਜੀਤ ਸਿੰਘ ਬੋਹਾ, ਪ੍ਰਦੀਪ ਗੁਰੂ ਸੁਖਜੀਤ ਰਾਮਾਨੰਦੀ, ਰੀਤੂ ਕੌਰ ਰਮਦਿੱਤੇਵਾਲਾ, ਭੋਲਾ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ।