ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਕਤੂਬਰ
ਮਾਨਸਾ ਦੀ ਅਨਾਜ ਮੰਡੀ ਵਿੱਚ ਅੱਜ ਨਰਮੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਮਾਨਸਾ-ਸਿਰਸਾ ਰੋਡ ਦੇ ਉਪਰ ਧਰਨਾ ਲਗਾ ਕੇ ਸੜਕ ਜਾਮ ਕੀਤੀ। ਕਿਸਾਨਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ
ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ ਨੇ ਦੱਸਿਆ ਕਿ ਸਰਕਾਰ ਕਿਸਾਨੀ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੀ ਹੈ,ਪਰ ਹਕੀਕਤ ਦੇ ਵਿੱਚ ਕਿਸਾਨ ਅਨਾਜ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਨਾਜ ਮੰਡੀਆਂ ਦੇ ਵਿੱਚ ਪ੍ਰਾਈਵੇਟ ਫੈਕਟਰੀ ਮਾਲਕਾਂ ਵੱਲੋਂ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ,ਉਦੋਂ ਤਕ ਉਹ ਸੜਕ ਉਪਰ ਧਰਨਾ ਜਾਰੀ ਰੱਖਣਗੇ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਭਾਨ ਸਿੰਘ ਬਰਨਾਲਾ, ਕਰਮ ਸਿੰਘ, ਕਰਮਜੀਤ ਸਿੰਘ, ਹਰਿੰਦਰ ਟੋਨੀ ਅਤੇ ਗੁਰਦੀਪ ਸਿੰਘ ਭੰਮੇਕਲਾਂ ਵੀ ਹਾਜ਼ਰ ਸਨ।