ਮਨੋਜ ਸ਼ਰਮਾ
ਬਠਿੰਡਾ, 3 ਸਤੰਬਰ
ਭਾਦੋਂ ਦੇ ਮੀਂਹ ਨੇ ਅੱਜ ਫੇਰ ਬਠਿੰਡਾ ਨੂੰ ਗੋਤਾ ਦਿੱਤਾ। ਸਵੇਰ ਲਗਾਤਾਰ 45 ਮਿੰਟ ਮੀਂਹ ਪੈਣ ਕਾਰਨ ਸ਼ਹਿਰ ਦੇ ਨੀਵੇਂ ਖੇਤਰ ਗਣੇਸ਼ਾ ਬਸਤੀ, ਪਾਵਰ ਹਾਊਸ ਰੋਡ, ਸਿਵਲ ਲਾਈਨ ਖੇਤਰ, ਪਰਸ ਰਾਮ ਨਗਰ, ਵੀਰ ਕਲੋਨੀ, ਅਮਰੀਕ ਸਿੰਘ ਰੋਡ, ਸਿਰਕੀ ਬਾਜ਼ਾਰ ਵਿੱਚ ਪਾਣੀ ਭਰ ਗਿਆ ਅਤੇ ਬਠਿੰਡਾ ਵਿੱਚ ਅਸਮਾਨੀ ਬਿਜਲੀ ਡਿੱਗਣ ਦੀ ਵੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਪੰਜਾਬ ਨੇ ਪਹਿਲੀ ਤੋਂ 5 ਸਤੰਬਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ। ਅੱਜ ਸਵੇਰੇ ਤੇਜ਼ ਮੀਂਹ ਪੈਣ ਮਗਰੋਂ ਸਾਰਾ ਦਿਨ ਹੀ ਕਿਣ-ਮਿਣ ਹੁੰਦੀ ਰਹੀ। ਜ਼ਿਕਰਯੋਗ ਹੈ ਬੀਤੇ ਹਫ਼ਤੇ ਵੀ ਮੀਂਹ ਨੇ ਬਠਿੰਡਾ ਦੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਸੀ। ਅੱਜ ਪਏ ਮੀਂਹ ਨੂੰ ਖੇਤੀ ਮਾਹਿਰ Z ਲਈ ਲਾਹੇਵੰਦ ਮੰਨ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤ ਪਾਲ ਸਿੰਘ ਨੇ ਸ਼ਹਿਰ ਦੇ ਨਿਕਾਸੀ ਪ੍ਰੰਬਧਾਂ ਦੀ ਹੋ ਰਹੀ ਦੁੁਰਦਸ਼ਾ ’ਤੇ ਚਿੰਤਾ ਪ੍ਰਗਟਾਈ ਅਤੇ ਬਠਿੰਡਾ ਨਿਗਮ ਦੇ ਪ੍ਰੰਬਧਾਂ ਦੇ ਉਂਗਲ ਚੁੱਕਦਿਆਂ 5 ਸਤੰਬਰ ਨੂੰ ਸ਼ਹਿਰ ਦੇ ਜੋਗਰ ਪਾਰਕ ਵਿਚ ਮੀਟਿੰਗ ਦਾ ਸੱਦਾ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੇ ਵਿਗੜ ਰਹੇ ਡਰੇਨੇਜ ਪ੍ਰੰਬਧਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾ ਸਕੇ। ਇਸ ਦੌਰਾਨ ਮੀਂਹ ਨਾਲ ਨਰਮੇ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਫ਼ਸਲਾਂ ਧਰਤੀ ’ਤੇ ਵਿਛ ਗਈਆਂ ਨਰਮੇ ਦੀ ਫ਼ਸਲ ਦੇ ਫਲ-ਫੁੱਲ ਝੜ ਗਏ, ਖਿੜਿਆ ਨਰਮਾ-ਕਪਾਹ ਵੀ ਖ਼ਰਾਬ ਹੋ ਗਿਆ ਹੈ।
ਮਾਨਸਾ ਵਿੱਚ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਪਏ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰ ਦਿੱਤਾ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਸ਼ਹਿਰ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਸਵੇਰ ਪੈਣ ਲੱਗੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਪਾਣੀ ਭਰ ਗਿਆ, ਪਾਣੀ ਦੇ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ। ਲੋਕ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਬਾਰਸ਼ਾਂ ਦੇ ਦਿਨਾਂ ਦੌਰਾਨ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ, ਫਿਰ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ। ਸ਼ਹਿਰ ਵਿਚ ਸਭ ਤੋਂ ਮਾੜਾ ਹਾਲ ਵੀਰ ਨਗਰ ਮੁਹੱਲੇ ਦਾ ਹੈ, ਜਿੱਥੋਂ ਦੇ ਲੋਕੀ ਹਰ ਵਾਰ ਬਾਰਸ਼ ਤੋਂ ਬਾਅਦ ਵੱਡਾ ਸੰਤਾਪ ਭੋਗਦੇ ਹਨ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਆਗੂ ਗੁਰਤੇਜ਼ ਸਿੰਘ ਜਗਰੀ ਨੇ ਕਿਹਾ ਕਿ ਅਕਾਲੀ-ਕਾਂਗਰਸੀ ਲੀਡਰ ਸ਼ਹਿਰ ਦਾ ਵਿਕਾਸ ਕਰਨ ਦੀਆਂ ਡੀਂਗਾਂ ਮਾਰ ਰਹੇ ਨੇ, ਪਰ ਇਸ ਮੀਂਹ ਕਾਰਨ ਸ਼ਹਿਰ ਅੰਦਰ ਥਾਂ-ਥਾਂ ਪਾਣੀ ਖੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਸ਼ਹਿਰ ਅੰਦਰ ਖੜ੍ਹ ਰਹੇ ਪਾਣੀ ਦਾ ਕੋਈ ਠੋਸ ਹੱਲ ਨਹੀਂ ਕਰ ਰਿਹਾ, ਸਿਰਫ ਖਾਨਾਪੂਰਤੀ ਕਰ ਰਿਹਾ ਹੈ।
ਭਾਰੀ ਮੀਂਹ ਕਾਰਨ ਸ੍ਰੀ ਮੁਕਤਸਰ ਸਾਹਿਬ ਜਲ-ਥਲ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ੍ਰੀ ਮੁਕਤਸਰ ਸਾਹਿਬ, 3 ਅਗਸਤ: ਮੁਕਤਸਰ ਤੇ ਆਸ-ਪਾਸ ਦੇ ਪਿੰਡਾਂ ’ਚ ਅੱਜ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਪਏ ਭਾਰੀ ਮੀਂਹ ਕਾਰਨ ਬਾਜ਼ਾਰਾਂ ’ਚ ਪਾਣੀ ਭਰ ਗਿਆ। ਇਸ ਦੌਰਾਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਆਵਾਜਾਈ ’ਚ ਵਿਘਨ ਪਿਆ।
ਰਾਹਗੀਰ ਆਪਣੇ ਵਾਹਨ ਪਾਣੀ ’ਚ ਬੰਦ ਹੋ ਜਾਣ ਕਾਰਨ ਪੈਦਲ ਤੋਰ ਕੇ ਲਿਜਾਂਦੇ ਦੇਖੇ ਗਏ। ਅਨੇਕਾਂ ਜਗ੍ਹਾ ’ਤੇ ਸੀਵਰੇਜ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ। ਅੱਜ ਮੀਂਹ ਕਾਰਨ ਸਕੂਲੀ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ 6 ਵਜੇ ਤੋਂ ਹੀ ਮੀਂਹ ਪੈਣ ਲੱਗ ਪਿਆ ਸੀ ਜਿਸ ਕਾਰਨ ਸਕੂਲ ਜਾਣ ਸਮੇਂ ਬੱਚਿਆਂ ਨੂੰ ਮੁਸ਼ਕਲਾਂ ਪੇਸ਼ ਆਈਆਂ।
ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂ ਮਰੇ
ਰਾਮਾਂ ਮੰਡੀ (ਪੱਤਰ ਪ੍ਰੇਰਕ): ਖੇਤਰ ਵਿਚ ਅੱਜ ਸਵੇਰੇ ਤੋਂ ਦੁਪਿਹਰ ਤੱਕ ਭਾਰੀ ਬਾਰਸ਼ ਹੁੰਦੀ ਰਹੀ। ਪਿੰਡ ਗਿਆਨਾ ਵਿੱਚ ਅਸਮਾਨੀ ਬਿਜਲੀ ਨੇ ਤਿੰਨ ਪਸ਼ੂਆਂ ਦੀ ਜਾਨ ਲੈ ਲਈ। ਕਿਸਾਨ ਗੁਰਮੀਤ ਸਿੰਘ ਦੇ ਦੱਸਣ ਅਨੁਸਾਰ ਅਸਮਾਨੀ ਬਿਜਲੀ ਡਿੱਗਣ ਨਾਲ ਉਸ ਦੀਆਂ ਦੋ ਮੱਝਾਂ ਤੇ ਇਕ ਕੱਟੀ ਮਰਨ ਸਮੇਤ ਘਰ ਦੇ ਕੁਝ ਬਿਜਲੀ ਉਪਕਰਨ ਸੜ ਗਏ। ਕਿਸਾਨ ਨੇ ਇਨ੍ਹਾਂ ਚੰਗੀ ਨਸਲ ਦੀਆਂ ਮੱਝਾਂ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਦੱਸੀ ਹੈ ਅਤੇ ਆਖਿਆ ਉਸ ਨੂੰ ਮੱਝਾਂ ਦੇ ਮਰਨ ਨਾਲ ਦੂਹਰੀ ਮਾਰ ਪਈ ਹੈ ਕਿਉਂਕਿ ਹੁਣ ਘਰ ਦਾ ਗੁਜ਼ਾਰਾ ਚਲਾਉਣ ਲਈ ਹੋਰ ਪਸ਼ੂ ਖਰੀਦਣੇ ਪੈਣਗੇ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।