ਖੇਤਰੀ ਪ੍ਰਤੀਨਿਧ
ਬਰਨਾਲਾ, 2 ਅਕਤੂਬਰ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਕਿਸਾਨ-ਮਜ਼ਦੂਰ ਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਦੇ ਹੱਕ ’ਚ ਨੌਂ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦੇ ਐਲਾਨੇ ਐਕਸ਼ਨ ਪ੍ਰੋਗਰਾਮ ਸਬੰਧੀ ਲਾਮਬੰਦੀ ਹਿਤ ਇੱਥੇ ਤਰਕਸ਼ੀਲ ਭਵਨ ਵਿਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੀਟਿੰੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਤੇ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ‘ਆਪ’ ਸਰਕਾਰ ਚੋਣਾਂ ਮੌਕੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਹੁਣ ਮੁੱਢੋਂ ਵਿਸਾਰ ਚੁੱਕੀ ਹੈ ਤੇ ਰਵਾਇਤੀ ਪਾਰਟੀਆਂ ਦੀ ਲੀਹੇ ਪੈ ਗਈ ਹੈ। ਪਿੰਡਾਂ ਵਿੱਚ ਨਸ਼ੇ ਨਾਲ ਮੌਤਾਂ ਤੇ ਕਰਜ਼ੇ ਦੇ ਸਤਾਏ ਕਿਸਾਨਾਂ-ਮਜ਼ਦੂਰ ਖ਼ੁਦਕੁਸ਼ੀਆਂ ਜਾਰੀ ਹਨ। ਮੌਸਮੀ ਅਤੇ ਕੀੜਿਆਂ ਮਾਰ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ। ਮੁਆਵਜ਼ਾ ਵੰਡ ਸਮੇਂ ਖੇਤ ਮਜ਼ਦੂਰਾਂ ਨਾਲ ਵਿਤਕਰਾ ਬੰਦ ਕੀਤਾ ਜਾਵੇ।
ਆਗੂਆਂ ਸੂਬਾ ਕਮੇਟੀ ਵੱਲੋਂ ਲੋਕਾਂ ਨੂੰ ਇਸ ਪੱਕੇ ਮੋਰਚੇ ਦੀਆਂ ਤਿਆਰੀਆਂ ਦਾ ਸੱਦਾ ਦਿੱਤਾ। ਕਿਹਾ ਕਿ ਮੋਰਚਾ ਮੰਗਾਂ ਲਾਗੂ ਕਰਵਾਉਣ ਤੱਕ ਜਾਰੀ ਰਹੇਗਾ।