ਪੱਤਰ ਪ੍ਰੇਰਕ
ਗਿੱਦੜਬਾਹਾ, 27 ਅਗਸਤ
ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰ ਯੂਨੀਅਨ ਗਿੱਦੜਬਾਹਾ ਵੱਲੋਂ ਸਥਾਨਕ ਹੁਸਨਰ ਚੌਂਕ ਵਿੱਚ ਧਰਨਾ ਲਗਾ ਕੇ ਸਥਾਨਕ ਪ੍ਰਸ਼ਾਸਨ, ਆਮ ਆਦਮੀ ਪਾਰਟੀ ਸਰਕਾਰ ਅਤੇ ਯੂਨੀਅਨ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਨਿਰਮਲ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਗੁਰਲਾਲ ਸਿੰਘ, ਰਾਜੂ ਸਿੰਘ, ਲਖਵੀਰ ਸਿੰਘ ਆਦਿ ਨੇ ਦੱਸਿਆ ਕਿ ਯੂਨੀਅਨ ਦਾ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਯੂਨੀਅਨ ਵਰਕਰਾਂ ਦੇ ਕਰੀਬ 96 ਲੱਖ ਰੁਪਏ ਕਥਿਤ ਹੜੱਪ ਕਰ ਚੁੱਕਾ ਹੈ। ਇਸ ਦੀ ਲਿਖਤੀ ਸ਼ਿਕਾਇਤ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਪਰ ਇੱਕ ਮਹੀਨੇ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਹੁਣ ਜਦੋਂ ਉਹ ਆਪਣਾ ਹੱਕ ਲੈਣ ਲਈ ਧਰਨਾ ਲਾ ਰਹੇ ਹਨ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਮੌਜੂਦਾ ਪ੍ਰਧਾਨ ਵੱਲੋਂ ਵੀ ਉਨ੍ਹਾਂ ਨੂੰ ਸਰਕਾਰੀ ਰੇਟ ਨਾਲੋਂ ਪ੍ਰਤੀ ਗੱਟਾ 20 ਪੈਸੇ ਘੱਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ‘ਆਪ’ ਦੇ ਸਥਾਨਕ ਆਗੂਆਂ ਦੀ ਕਥਿਤ ਸ਼ਹਿ ’ਤੇ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਤੇਜ ਸਿੰਘ ਖ਼ਿਲਾਫ਼ ਕਾਰਵਾਈ ਕਰਕੇ ਮਜ਼ਦੂਰਾਂ ਦਾ ਹੱਕ ਦਿਵਾਇਆ ਜਾਵੇ। ਚੌਕ ਵਿੱਚ ਦੋ ਘੰਟੇ ਧਰਨਾ ਦੇਣ ਮਗਰੋਂ ਧਰਨਾਕਾਰੀਆਂ ਦਾ ਵਫ਼ਦ ਡੀ.ਐੱਸ.ਪੀ. ਜਸਵੀਰ ਸਿੰਘ ਪੰਨੂੰ ਨੂੰ ਮਿਲਿਆ ਅਤੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਵਿਰੁੱਧ ਕਾਰਵਾਈ ਲਈ ਲਿਖਤੀ ਸ਼ਿਕਾਇਤ ਦਿੱਤੀ। ਡੀਐੱਸਪੀਵੱਲੋਂ ਵਫ਼ਦ ਕਾਰਵਾਈ ਦਾ ਭਰੋਸਾ ਦੇਣ ’ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
ਧਰਨਕਾਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ: ਸਾਬਕਾ ਪ੍ਰਧਾਨ
ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਧਰਨਾਕਾਰੀਆਂ ਨਾਲ ਕੋਈ ਸਿੱਧਾ ਹਿਸਾਬ ਕਿਤਾਬ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹਿਸਾਬ ਟੋਲੀ ਮੈਂਬਰਾਂ ਨਾਲ ਹੁੰਦਾ ਹੈ, ਜਿਨ੍ਹਾਂ ਅੱਗੇ ਆਪਣੇ ਮੈਂਬਰਾਂ ਨੂੰ ਅਦਾਇਗੀ ਕਰਨੀ ਹੁੰਦੀ ਹੈ ਅਤੇ ਉਨ੍ਹਾਂ ਦੀ ਪ੍ਰਧਾਨਗੀ ਸਮੇਂ ਉਨ੍ਹਾਂ ਪਾਸ 18 ਟੋਲੀ ਮੈਂਬਰ ਸਨ। ਜੇਕਰ ਉਨ੍ਹਾਂ 18 ਟੋਲੀ ਮੈਂਬਰਾਂ ਨੂੰ ਹਿਸਾਬ ’ਚ ਕੋਈ ਫਰਕ ਲੱਗਦਾ ਹੈ, ਤਾਂ ਉਹ ਹਿਸਾਬ ਕਰ ਸਕਦੇ ਹਨ।