ਝਾਂਸੀ, 14 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਅਰਬਪਤੀਆਂ’ ਲਈ ਕੰਮ ਕਰਨ ਅਤੇ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਇੰਡੀਆ ਗੱਠਜੋੜ ਦੇ ਭਾਈਵਾਲਾਂ ਨੇ ਇਥੇ ਰਾਣੀ ਝਾਂਸੀ ਕਿਲ੍ਹੇ ਨੇੜੇ ਝਾਂਸੀ ਤੋਂ ਕਾਂਗਰਸੀ ਉਮੀਦਵਾਰ ਤੇ ਹਮੀਰਪੁਰ ਤੋਂ ਸਪਾ ਉਮੀਦਵਾਰ ਦੇ ਹੱਕ ’ਚ ਸਾਂਝੀ ਰੈਲੀ ਦੌਰਾਨ ਬੋਲਦਿਆਂ ਕਿਹਾ ਕਿ ਜੇ ਇੰਡੀਆ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਨੌਜਵਾਨਾਂ ਤੇ ਕਿਸਾਨਾਂ ਲਈ ਕੰਮ ਕਰਨਗੇ। ਮੋਦੀ ’ਤੇ ਵਰ੍ਹਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ’ਚ 100 ‘ਸਮਾਰਟ ਸ਼ਹਿਰ’ ਬਣਾਉਣ ਦਾ ਵਾਅਦਾ ਕੀਤਾ ਸੀ ਪਰ ‘ਇਸ ਪਾਸੇ ਕੋਈ ਵੀ ਕਦਮ ਨਹੀਂ ਚੁੱਕਿਆ।’ ਉਨ੍ਹਾਂ ਕਿ ਜਦੋਂ ਸੈਂਕੜੇ ਲੋਕ ਭਿਆਨਕ ਬਿਮਾਰੀ (ਕਰੋਨਾ) ਨਾਲ ਮਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੋਵਿਡ-19 ਨੂੰ ਭਜਾਉਣ ਲਈ ਥਾਲੀਆਂ ਖੜਕਾਉਣ ਲਈ ਆਖਿਆ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜੇ ਭਾਜਪਾ ਫਿਰ ਸੱਤਾ ਵਿੱਚ ਆਈ ਤਾਂ ਇਹ ਸੰਵਿਧਾਨ ਨੂੰ ‘ਪਾੜ’ ਕੇ ਸੁੱਟ ਦੇਵੇਗੀ ਜਿਹੜਾ ਕਿ ਦੇਸ਼ ਦੇ ਗਰੀਬਾਂ ਲਈ ਇੱਕ ਢਾਲ ਹੈ। ਉਨ੍ਹਾਂ ਆਖਿਆ ਜੇ ਇੰਡੀਆ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ ਤੇ ਅਜਿਹੇ ਹਰ ਪਰਿਵਾਰ ਦੀ ਇੱਕ ਮਹਿਲਾ ਦੇ ਬੈਂਕ ਖਾਤੇ ’ਚ ਇੱਕ ਲੱਖ ਰੁਪਏ ਸਾਲਾਨਾ ਪਾਏ ਜਾਣਗੇ। ਉਨ੍ਹਾਂ ਨੇ ‘ਅਗਨੀਵੀਰ’ ਸਕੀਮ ਖਤਮ ਕਰਨ ਅਤੇ ਹਥਿਆਰਬੰਦ ਬਲਾਂ ’ਚ ਪੈਨਸ਼ਨ ਨਾਲ ਸਥਾਈ ਰੁਜ਼ਗਾਰ ਪ੍ਰਬੰਧ ਬਹਾਲ ਕਰਨ ਦਾ ਵਾਅਦਾ ਵੀ ਕੀਤਾ। -ਪੀਟੀਆਈ
ਰਾਇਬਰੇਲੀ ਨਾਲ ਸਾਡਾ ਭਾਵਨਾਤਮਕ ਰਿਸ਼ਤਾ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਇਬਰੇਲੀ ਤੇ ਅਮੇਠੀ ਦੇ ਲੋਕਾਂ ਨਾਲ ਉਨ੍ਹਾਂ ਦਾ ਭਾਵਨਾਤਮਕ ਪਰਿਵਾਰਕ ਰਿਸ਼ਤਾ ਹੈ ਅਤੇ ਜਦੋਂ ਵੀ ਲੋੜ ਹੋਵੇਗੀ ਉਹ ਇਨ੍ਹਾਂ ਦੋਵਾਂ ਹਲਕਿਆਂ ਦੇ ਲੋਕਾਂ ਨਾਲ ਖੜ੍ਹੇ ਹੋਣਗੇ। ਰਾਇਬਰੇਲੀ ਲੋਕ ਸਭਾ ਹਲਕੇ ਤੋਂ ਪਹਿਲਾਂ ਸੋਨੀਆ ਗਾਂਧੀ ਚੋਣ ਲੜਦੇ ਰਹੇ ਹਨ। ਰਾਹੁਲ ਗਾਂਧੀ ਨੇ ਇਹ ਗੱਲ ਆਪਣੀ ਮਾਂ ਸੋਨੀਆ ਗਾਂਧੀ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਆਖੀ ਜਿਸ ਵਿੱਚ ਉਹ ਅਮੇਠੀ ਦੇ ਰਾਇਬਰੇਲੀ ਹਲਕਿਆਂ ਨਾਲ ਸਬੰਧਤ ਪਰਿਵਾਰਕ ਤਸਵੀਰਾਂ ਦੇਖਦੇ ਹੋਏ ਅਤੇ ਦੋਵਾਂ ਹਲਕਿਆਂ ਨਾਲ ਪੁਰਾਣੇ ਰਿਸ਼ਤਿਆਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। -ਪੀਟੀਆਈ
ਸਪਾ ਮੁਖੀ ਵੱਲੋਂ ਭਾਜਪਾ ਦਾ ਗ੍ਰਾਫ਼ ਡਿੱਗਣ ਦਾ ਦਾਅਵਾ
ਝਾਂਸੀ: ਸਪਾ ਮੁਖੀ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਚਾਰ ਗੇੜਾਂ ਦੇ ਰੁਝਾਨ ਇਸ ਗੱਲ ਦਾ ਸਬੂਤ ਹਨ ਕਿ ‘ਭਾਜਪਾ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ’ ਅਤੇ ਪਾਰਟੀ ਦੀ ਹਾਰ ਤੈਅ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ’ਤੇ ਕਿਸਾਨਾਂ ਤੇ ਨੌਜਵਾਨਾਂ ਨੂੰ ਨਿਰਾਸ਼ ਕਰਨ’ ਦਾ ਦੋਸ਼ ਵੀ ਲਾਇਆ। ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਲਗਾਤਾਰ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ।