ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਅਪਰੈਲ
ਐੱਸਡੀਐੱਮ ਵੱਲੋਂ ਇੱਕ ਨਿੱਜੀ ਸਕੂਲ ’ਚ ਖੜ੍ਹੀਆਂ ਵੈਨਾਂ ਦੇ ਚਲਾਨ ਕੱਟਣ ਅਤੇ ਬਾਊਂਡ ਕਰਨ ’ਤੇ ਰੋਹ ਵਿੱਚ ਆਏ ਵੱਡੀ ਗਿਣਤੀ ਵੈਨ ਚਾਲਕਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਸਕੂਲ ਵੈਨ ਚਾਲਕਾਂ ਵੱਲੋਂ ਪਹਿਲਾਂ ਇਕੱਠੇ ਹੋ ਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ, ਜਦ ਪਤਾ ਲੱਗਾ ਕਿ ਵਿਧਾਇਕ ਬਾਹਰ ਹਨ ਤਾਂ ਵੈਨ ਚਾਲਕ ਉਨ੍ਹਾਂ ਦੀ ਰਿਹਾਇਸ਼ ਤੋਂ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਪੁੱਜੇ। ਇਸ ਦੌਰਾਨ ਚਾਲਕਾਂ ਨੇ ਕਿਹਾ ਕਿ ਦੋ ਸਾਲ ਕਰੋਨਾ ਕਾਲ ਦੌਰਾਨ ਵੈਨਾਂ ਬੰਦ ਰਹੀਆਂ ਤੇ ਉਨ੍ਹਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਸੀ ਅਤੇ ਉਦੋਂ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਪਰ ਹੁਣ ਜਦ ਸਕੂਲ ਖੁੱਲ੍ਹਣ ਲੱਗੇ ਹਨ ਤਾਂ ਪ੍ਰਸ਼ਾਸਨ ਚਲਾਨ ਕੱਟ ਕੇ ਅਤੇ ਵੈਨਾਂ ਬਾਊਂਡ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹਣ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਕੱਟੇ ਹੋਏ ਚਲਾਨ ਰੱਦ ਨਾ ਕੀਤੇ ਤਾਂ ਊਹ ਰੋਡ ਜਾਮ ਕਰਕੇ ਤਿੱਖਾ ਸੰਘਰਸ਼ ਵਿੱਢਣਗੇ। ਡੀਸੀ ਦਫ਼ਤਰ ਪੁੱਜਣ ਉਪਰੰਤ ਵੈਨ ਚਾਲਕਾਂ ਵੱਲੋਂ ਐੱਸਡੀਐੱਮ ਸਵਰਨਜੀਤ ਕੌਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਬੀਤੇ ਦਿਨੀਂ ਜੋ ਸਕੂਲ ਵੈਨਾਂ ਦੇ ਚਲਾਨ ਕੀਤੇ ਹਨ, ਉਹ ਰੱਦ ਕੀਤੇ ਜਾਣ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਾਹਨਾਂ ’ਤੇ ਕਾਰਵਾਈ
ਮਾਨਸਾ (ਜੋਗਿੰਦਰ ਸਿੰਘ ਮਾਨ): ਕਰੋਨਾ ਤੋਂ ਬਾਅਦ ਖੁੱਲ੍ਹਣ ਲੱਗੇ ਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਉਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੜਕਾਂ ਉਪਰ ਕੰਡਮ ਵੈਨਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਸਕੀਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਅਧਿਕਾਰੀਆਂ ਨੂੰ ਅਚਨਚੇਤ ਸਕੂਲੀ ਬੱਸਾਂ ਦੀ ਚੈਕਿੰਗ ਕਰਵਾਈ ਗਈ। ਇਸ ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਈਨਾ ਕਪੂਰ ਵੱਲੋਂ 25 ਸਕੂਲੀ ਵੈਨਾਂ ਚੈੱਕ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 6 ਬੱਸਾਂ ਦੇ ਚਲਾਨ ਕੀਤੇ ਗਏ। ਅਫ਼ਸਰ ਡਾ. ਸ਼ਾਈਨਾ ਕਪੂਰ ਨੇ ਦੱਸਿਆ ਕਿ ਸਕੂਲੀ ਬੱਸਾਂ ਦੇ ਡਰਾਈਵਰ ਅਤੇ ਕੰਡਕਟਰਾਂ ਦੇ ਕੋਵਿਡ ਵੈਕਸੀਨੇਸ਼ਨ ਲੱਗੀ ਹੋਣੀ ਲਾਜ਼ਮੀ ਹੈ ਅਤੇ ਭਵਿੱਖ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਵੀ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲੀ ਵਾਹਨਾਂ ਵਿਚ ਮਹਿਲਾ ਅਟੈਂਡੈਟ, ਸੀਸੀਟੀਵੀ ਕੈਮਰਾ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ ਅਤੇ ਜੀਪੀਐੱਸ ਆਦਿ ਲੱਗੇ ਹੋਣੇ ਲਾਜ਼ਮੀ ਹਨ।