ਡੀਪੀਐੱਸ ਬੱਤਰਾ
ਸਮਰਾਲਾ, 13 ਮਈ
ਪਿੰਡ ਮੁਸ਼ਕਾਬਾਦ ਵਿੱਚ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਦਾ ਗੁੱਸਾ ਅੱਜ 10ਵੇਂ ਦਿਨ ਲਾਵਾ ਬਣ ਕੇ ਫੁੱਟਿਆ। ਧਰਨਾਕਾਰੀਆਂ ਨੇ ਅੱਜ ਪਿੰਡਾਂ ਤੋਂ ਉੱਠ ਕੇ ਸ਼ਹਿਰ ਦਾ ਰੁਖ਼ ਕੀਤਾ ਜਿੱਥੇ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦੇ ਇਸ ਹਜ਼ੂਮ ਵੱਲੋਂ ਪਹਿਲਾਂ ਸ਼ਹਿਰ ਵਿੱਚੋਂ ਰੋਸ ਮਾਰਚ ਕੀਤਾ ਗਿਆ, ਫਿਰ ਐੱਸਡੀਐੱਮ ਸਮਰਾਲਾ ਨੂੰ ਰੋਸ ਪੱਤਰ ਸੌਂਪ ਕੇ ਫੈਕਟਰੀ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਗਈ।
ਪ੍ਰਦਸ਼ਨਕਾਰੀਆਂ ਦੀ ਅਗਵਾਈ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਵਿੱਚ ਇਲਾਕੇ ਦੇ ਕਰੀਬ ਪੰਦਰਾਂ ਪਿੰਡਾਂ ਦੇ ਲੋਕ ਆਪ-ਮੁਹਾਰੇ ਪੁੱਜੇ ਹਨ। ਇਨ੍ਹਾਂ ਵੱਲੋਂ ਚਿੰਤਾ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਐਲਾਨ ਕੀਤਾ ਕਿ ਜੇ ਫੈਕਟਰੀ ਨੂੰ ਪ੍ਰਸ਼ਾਸਨ ਨੇ ਤੁਰੰਤ ਬੰਦ ਨਾ ਕਰਵਾਇਆ ਤਾਂ ਭਵਿੱਖ ਵਿਚ ਇਸ ਦੇ ਭਿਆਨਕ ਸਿੱਟੇ ਆਉਣਗੇ ਜਿਸ ਦਾ ਖ਼ਾਮਿਆਜ਼ਾ ਭਵਿੱਖ ਦੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪਵੇਗਾ।
ਇਹ ਰੋਸ ਮਾਰਚ ਖੀਰਨੀਆਂ, ਸਿਹਾਲਾ, ਗਹਿਲੇਵਾਲ, ਬੌਂਦਲੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਮਰਾਲਾ ਪੁੱਜਾ। ਇੱਥੋਂ ਵੱਡੀ ਗਿਣਤੀ ਵਿੱਚ ਔਰਤਾਂ, ਮਰਦਾਂ ਨੇ ਪੈਦਲ ਮਾਰਚ ਸ਼ੁਰੂ ਕੀਤਾ। ਦੋ ਕਿਲੋਮੀਟਰ ਲੰਬਾ ਕਾਫ਼ਲਾ ਸਮਰਾਲਾ ਦੇ ਮੁੱਖ ਬਾਜ਼ਾਰ ਰਾਹੀਂ ਹੁੰਦਾ ਹੋਇਆ ਐੱਸਡੀਐੱਮ ਦਫ਼ਤਰ ਪੁੱਜਾ ਜਿੱਥੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਜਲਦੀ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਨਿਰਪੱਖ ਕਮੇਟੀ ਦਾ ਗਠਨ ਕੀਤਾ: ਐੱਸਡੀਐੱਮ
ਐੱਸਡੀਐੱਮ ਸਮਰਾਲਾ ਰਜ਼ਨੀਸ਼ ਅਰੋੜਾ ਨੇ ਕਿਹਾ ਕਿ ਇਹ ਫੈਕਟਰੀ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਨੁਸਾਰ ਮਾਨਤਾ ਪ੍ਰਾਪਤ ਹੈ। ਪਰ ਪਿੰਡ ਵਾਸੀਆਂ ਨੂੰ ਖ਼ਦਸ਼ਾ ਹੈ ਕਿ ਭਵਿੱਖ ਵਿਚ ਇਸ ਫੈਕਟਰੀ ਦੀ ਗੈਸ ਲੀਕ ਹੋਣ ਨਾਲ ਨੁਕਸਾਨ ਹੋ ਸਕਦਾ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਇਹ ਖ਼ਦਸ਼ਾ ਦੂਰ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਹਾਲਾਂਕਿ ਇਹ ਮਾਮਲਾ ਫੈਕਟਰੀ ਮਾਲਕ ਵੱਲੋਂ ਅਦਾਲਤ ਵਿਚ ਲਿਜਾਇਆ ਗਿਆ ਹੈ। ਇਸ ਮਾਮਲੇ ਦੇ ਹੱਲ ਲਈ ਡੀਸੀ ਵੱਲੋਂ ਇਕ ਨਿਰਪੱਖ ਕਮੇਟੀ ਕਾਇਮ ਕੀਤੀ ਗਈ ਹੈ। ਇਸ ਦੀ ਜਾਣਕਾਰੀ ਅਦਾਲਤ ਨੂੰ ਦੇ ਦਿੱਤੀ ਗਈ ਹੈ, ਇਸ ਕਮੇਟੀ ਦੇ ਫ਼ੈਸਲਾ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।