ਪਰਮਜੀਤ ਸਿੰਘ/ਕੁਲਦੀਪ ਬਰਾੜ
ਫਾਜ਼ਿਲਕਾ/ਮੰਡੀ ਘੁਬਾਇਆ, 7 ਮਾਰਚ
ਮੰਡੀ ਲਾਧੂਕਾ ਦੇ ਇੱਕ ਕਬਾੜੀਏ ਕੇਵਲ ਕ੍ਰਿਸ਼ਨ ਦੀ ਕਥਿਤ ਤੌਰ ’ਤੇ ਹਿਰਾਸਤ ’ਚ ਹੋਈ ਮੌਤ ਖ਼ਿਲਾਫ਼ ਪੁਲੀਸ ਅਧਿਕਾਰੀਆਂ ’ਤੇ ਕੇਸ ਦਰਜ ਕਰ ਲਏ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਦਰਅਸਲ, ਮ੍ਰਿਤਕ ਦਾ ਪਰਿਵਾਰ ਅਤੇ ਇਲਾਕੇ ਦੇ ਲੋਕ ਇਸ ਗੱਲ ’ਤੇ ਅੜੇ ਹੋਏ ਸਨ ਕਿ ਜਦੋਂ ਤੱਕ ਸੀਆਈਏ ਸਟਾਫ਼ ਦੇ ਮੁਖੀ ਨਵਦੀਪ ਸਿੰਘ ਭੱਟੀ ਅਤੇ ਹਿਰਾਸਤ ’ਚ ਕਥਿਤ ਤਸ਼ੱਦਦ ਢਾਹੁਣ ਵਾਲੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਨਹੀਂ ਹੁੰਦਾ, ਉਹ ਧਰਨਾ ਸਮਾਪਤ ਨਹੀਂ ਕਰਨਗੇ ਜਦਕਿ ਦੂਜੇ ਪਾਸੇ ਕੱਲ੍ਹ ਸਵੇਰੇ ਤੋਂ ਚੱਲੇ ਦੇਰ ਰਾਤ ਤੱਕ ਧਰਨੇ ’ਚ ਪੁਲੀਸ ਅਧਿਕਾਰੀ ਇਹ ਦੁਹਾਈ ਦਿੰਦੇ ਨਜ਼ਰ ਆਉਂਦੇ ਰਹੇ ਕਿ ਉਨ੍ਹਾਂ ਦੀ ਪੁਲੀਸ ਵੱਲੋਂ ਕੋਈ ਮਾਰਕੁੱਟ ਨਹੀਂ ਕੀਤੀ ਗਈ ਅਤੇ ਦਿਲ ਦੀ ਬਿਮਾਰੀ ਕਰਕੇ ਉਸ ਦੀ ਮੌਤ ਹੋਈ ਹੈ। ਦੂਜੇ ਪਾਸੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਫ਼ਾਜ਼ਿਲਕਾ ਤੋਂ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰ, ਉਨ੍ਹਾਂ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਇਨਸਾਫ਼ ਮਿਲਣ ਤਕ ਪੱਕਾ ਧਰਨਾ ਲਾ ਦਿੱਤਾ। ਪੁਲੀਸ ਵੱਲੋਂ ਸਿਰਫ਼ ਪਰਿਵਾਰ ਨੂੰ ਦਿਲਾਸਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰ ਅਤੇ ਇਲਾਕੇ ਦੇ ਲੋਕ ਆਪਣੀ ਮੰਗ ’ਤੇ ਅੜੇ ਰਹੇ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਫਾਜ਼ਿਲਕਾ ਡੀ ਸੀ ਦਫਤਰ ਸਾਹਮਣੇ ਧਰਨਾ ਦੇਣ ਤੋਂ ਬਾਅਦ ਕਿਸਾਨ ਯੂਨੀਅਨਾਂ ਦੇ ਆਗੂਆਂ ਕਾਮਰੇਡ ਹੰਸਰਾਜ ਗੋਲਡਨ, ਕਾਮਰੇਡ ਦਰਸ਼ਨ ਲਾਧੂਕਾ, ਸੁਰਿੰਦਰ ਢੰਡੀਆਂ ਹਰੀਸ਼ ਨੱਢਾ, ਜ਼ੋਰਾ ਸਿੰਘ, ਕ੍ਰਿਸ਼ਨ ਧਰਮੂਵਾਲਾ ਆਦਿ ਨੇ ਧਰਨੇ ’ਚ ਆ ਕੇ ਵੱਡਾ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਬਾੜੀਏ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਦੋਸ਼ੀ ਪੁਲੀਸ ਅਫ਼ਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਹੁੰਦਾ, ਉਹ ਵੱਡੇ ਸੰਘਰਸ਼ ਕਰਨ ਦਾ ਐਲਾਨ ਕਰਨਗੇ। ਹਾਲਾਤ ਬੇਕਾਬੂ ਹੁੰਦੇ ਵੇਖ ਕੇ ਪੁਲੀਸ ਨੇ ਮ੍ਰਿਤਕ ਕੇਵਲ ਕ੍ਰਿਸ਼ਨ ਦੇ ਭਰਾ ਓਮ ਪ੍ਰਕਾਸ਼ ਦੇ ਬਿਆਨਾਂ ਤੇ ਧਾਰਾ 304, 34 ਤਹਿਤ ਸੀਆਈਏ ਸਟਾਫ ਨਵਦੀਪ ਪੱਟੀ ਫ਼ਾਜ਼ਿਲਕਾ, ਮੁਨਸ਼ੀ ਭਜਨ ਲਾਲ ਅਤੇ ਹੋਰ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।