ਪੱਤਰ ਪ੍ਰੇਰਕ
ਬੋਹਾ, 2 ਜੂਨ
ਖੇਤਰ ਦੇ ਕਿਸਾਨਾਂ ਨੇ ਫ਼ਸਲੀ ਚੱਕਰ ਨੂੰ ਤੋੜਣ ਲਈ ਹੁਣ ਮਿਰਚਾਂ ਦੀ ਖੇਤੀ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। 15 ਸਾਲ ਤੋਂ ਮਿਰਚਾਂ ਦੀ ਖੇਤੀ ਕਰ ਰਹੇ ਗਾਦੜਪੱਤੀ ਬੋਹਾ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਖੇਤੀ ਲਈ ਜਿੱਥੇ ਰਵਾਇਤੀ ਫਸਲਾਂ ਦੀ ਬਜਾਏ ਘੱਟ ਪਾਣੀ ਦੀ ਲੋੜ ਪੈਂਦੀ ਹੈ, ਉੱਥੇ ਇਸ ਦਾ ਲਾਗਤ ਖਰਚਾ ਵੀ ਘੱਟ ਹੈ। ਉਨ੍ਹਾ ਦੱਸਿਆ ਕਿ ਇਕ ਏਕੜ ਜ਼ਮੀਨ ਵਿੱਚ ਮਿਰਚ ਦੀ ਫ਼ਸਲ ਤਿਆਰ ਕਰਨ ’ਤੇ ਲਗਭਗ 60 ਤੋਂ 75 ਹਜ਼ਾਰ ਰੁਪਏ ਦਾ ਲਾਗਤ ਖਰਚ ਆਉਂਦਾ ਹੈ, ਜਦੋਂਕਿ ਪ੍ਰਤੀ ਏਕੜ ਦੋ ਲੱਖ ਰੁਪਏ ਦੀ ਮਿਰਚ ਪੈਦਾ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਦੇ ਸ਼ੁਰੂ ਵਿਚ ਬੀਜੀ ਮਿਰਚਾਂ ਦੀ ਫ਼ਸਲ ਮਈ ਮਹੀਨੇ ਦੇ ਆਖਿਰ ਤੱਕ ਪੰਜ ਵਾਰ ਤੁੜਾਈ ’ਤੇ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮਿਰਚਾਂ ਦੀ ਫਸਲ ਦੀ ਢੋਆ-ਢੁਆਈ ਉਹ ਆਪਣੇ ਹੀ ਵਾਹਨ ’ਤੇ ਕਰਦੇ ਹਨ ਅਤੇ ਪੰਜਾਬ ਤੋਂ ਇਲਾਵਾ ਹਰਿਆਣਾ ਦੀ ਮੰਡੀ ਰਤੀਆਂ ਤੇ ਟੋਹਾਣਾ ਵਿਚ ਵੀ ਮਿਰਚਾਂ ਦੀ ਫਸਲ ਲੈ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਸਬਜ਼ੀ ਮੰਡੀ ਵਿੱਚ ਮਿਰਚਾਂ ਦਾ ਭਾਅ ਲਗਾਤਾਰ ਘੱਟਣ-ਵੱਧਣ ਕਾਰਨ ਇਸ ਫਸਲ ਤੋਂ ਹੋਣ ਵਾਲੀ ਆਮਦਨ ਬਾਰੇ ਨਿਸ਼ਚਿਤ ਅਨੁਮਾਨ ਨਹੀਂ ਲਾਇਆ ਜਾ ਸਕਦਾ ਫਿਰ ਵੀ ਇਹ ਖੇਤੀ ਉਨ੍ਹਾਂ ਲਈ ਕਣਕ ਦੀ ਖੇਤੀ ਨਾਲੋਂ ਵੱਧ ਲਾਹੇਵੰਦ ਸਾਬਤ ਹੋ ਰਹੀ ਹੈ।