ਪੱਤਰ ਪ੍ਰੇਰਕ
ਮਹਿਲ ਕਲਾਂ, 14 ਦਸੰਬਰ
ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਸੀਐੱਮ ਸਕਿਉਰਿਟੀ ਵਿੱਚ ਤਾਇਨਾਤ ਇੱਕ ਡੀਐੱਸਪੀ ਵੱਲੋਂ ਕੀਤੇ ਵਹਿਸ਼ੀਆਣਾ ਲਾਠੀਚਾਰਜ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਵੱਲੋਂ ਮਹਿਲ ਕਲਾਂ ਵਿੱਚ ਮੁੱਖ ਮੰਤਰੀ ਦੀ ਅਰਥੀ ਫੂਕਦਿਆਂ ਡੀਐੱਸਪੀ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਪੱਕਾ ਸਥਾਈ ਰੁਜ਼ਗਾਰ ਦੇਣ, ਨਵੀਆਂ ਭਰਤੀਆਂ ਮੁਕੰਮਲ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਚੰਦ ਕਰਮਗੜ, ਬਲਜਿੰਦਰ ਪ੍ਰਭੂ, ਨਿਰਮਲ ਸਿੰਘ ਚੁਹਾਣਕੇ, ਹਰਮਨਜੀਤ ਸਿੰਘ ਕੁਤਬਾ ਤੇ ਸਤੀਸ਼ ਸਹਿਜੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੌਂਸਮਈ ਨਕਸ਼ੇ ਕਦਮਾਂ ’ਤੇ ਹੀ ਚੱਲ ਰਹੀ ਹੈ ਜਿਸਦਾ ਪ੍ਰਗਟਾਵਾ ਮੌਜੂਦਾ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ਬਾਰੇ ਵੱਖ-ਵੱਖ ਸਟੇਜਾਂ ਤੋਂ ਕੀਤੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸੰਘਰਸ਼ੀ ਲੋਕਾਂ ਉੱਪਰ ਪੁਲੀਸ ਕੇਸ ਦਰਜ ਕਰਨ, ਡੀਜੇ ਚਲਾ ਕੇ ਲੋਕਾਂ ਦੀ ਆਵਾਜ਼ ਦਬਾਉਣ ਵਰਗੇ ਗ਼ੈਰਵਾਜਬ ਫ਼ੈਸਲਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ।