ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 10 ਜੁਲਾਈ
ਸਥਾਨਕ ਵਾਸੀ ਧਰਮਿੰਦਰ ਸ਼ਰਮਾ ਫੂਲ ਦੀ ਇੱਕ ਮਹੀਨਾ ਪਹਿਲਾਂ ਭੇਤ-ਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇਨਸਾਫ਼ ਲੈਣ ਲਈ ਉਸ ਦੇ ਪਰਿਵਾਰ ਸਣੇ ਵੱਖ-ਵੱਖ ਜਥੇਬੰਦੀਆਂ ਅੱਜ ਥਾਣਾ ਮੁਖੀ ਸ਼ਹਿਰੀ ਰਾਮਪੁਰਾ ਨੂੰ ਵਫ਼ਦ ਦੇ ਰੂਪ ਵਿੱਚ ਮਿਲੀਆਂ। ਉਨ੍ਹਾਂ ਮੰਗ ਕੀਤੀ ਕਿ ਜੇ ਧਰਮਿੰਦਰ ਸ਼ਰਮਾ ਦੀ ਮੌਤ ਸਬੰਧੀ ਦਰਜ ਕੇਸ ਵਿੱਚ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਦੋ ਦਿਨਾਂ ਵਿੱਚ ਕਾਬੂ ਨਾ ਕੀਤਾ ਗਿਆ ਤਾਂ ਮ੍ਰਿਤਕ ਦੇ ਵਾਰਸ ਅਤੇ ਜਥੇਬੰਦੀਆਂ ਰਾਮਪੁਰਾ ਪੁਲੀਸ ਖ਼ਿਲਾਫ਼ ਸੰਘਰਸ਼ ਛੇੜਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਲੈਕਚਰਾਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਵਫ਼ਦ ਵਿਚ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਫੂਲ ਤੋਂ ਇਲਾਵਾ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੈਡੀਕਲ ਪ੍ਰੈਕਟੀਸਨਰਜ਼ ਵੱਲੋਂ ਜਗਤਾਰ ਸਿੰਘ ਫੂਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਹਰਬੰਸ ਸਿੰਘ, ਗੋਬਿੰਦ ਕੁਮਾਰ, ਮਨਪ੍ਰੀਤ ਰਾਮ ਤੇ ਸੁਖਦੇਵ ਸਿੰਘ ਸਣੇ ਦੋ ਦਰਜਨ ਦੇ ਕਰੀਬ ਹੋਰ ਪਤਵੰਤੇ ਵੀ ਸ਼ਾਮਲ ਸਨ। ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਥਾਣਾ ਸ਼ਹਿਰੀ ਰਾਮਪੁਰਾ ਵਿੱਚ ਦਰਜ ਐੱਫਆਈਆਰ ਅਨੁਸਾਰ ਰਾਮਪੁਰਾ ਦੀ ਇੱਕ ਔਰਤ ਤੋਂ ਇਲਾਵਾ ਕੁਲਦੀਪ ਅਤੇ ਇੱਥੋਂ ਦੇ ਹੀ ਨੰਨੂ ਨਾਂ ਦੇ ਵਿਅਕਤੀ ਖ਼ਿਲਾਫ਼ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਧਰਮਿੰਦਰ ਨਸ਼ੇ ਦਾ ਆਦੀ ਸੀ ਅਤੇ ਦੋਵਾਂ ਮੁਲਜ਼ਮਾਂ ਨੇ ਕਥਿਤ ਰੂਪ ਵਿੱਚ ਉਸ ਨਸ਼ੇ ਦੀ ਓਵਰਡੋਜ਼ ਦਿੱਤੀ। ਮਲਕੀਤ ਸਿੰਘ ਨੇ ਰੋਸ ਕੀਤਾ ਕਿ ਥਾਣਾ ਮੁਖੀ ਨੂੰ ਕਈ ਵਾਰ ਮਿਲਣ ਉਪਰੰਤ ਤਿੰਨ ਮੁਲਜ਼ਮਾਂ ’ਚੋਂ ਇੱਕ ਅਜੇ ਵੀ ਫ਼ਰਾਰ ਹੈ।
ਉਧਰ ਵਫ਼ਦ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਦੋ ਦਿਨ ਬਾਅਦ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਤੀਜੇ ਮੁਲਜ਼ਮ ਨੂੰ ਵੀ ਜਲਦ ਫੜ ਲਿਆ ਜਾਵੇਗਾ।