ਪੱਤਰ ਪ੍ਰੇਰਕ
ਮਹਿਲ ਕਲਾਂ, 5 ਅਗਸਤ
ਸ਼ਹੀਦ ਕਿਰਨਜੀਤ ਕੌਰ ਦੇ 24ਵੇਂ ਬਰਸੀ ਸਮਾਗਮ ਸਬੰਧੀ ਅੱਜ ਦਾਣਾ ਮੰਡੀ ਵਿੱਚੋਂ ਕਮੇਟੀ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਕਾਫਲਾ ਮਾਰਚ ਰਵਾਨਾ ਕੀਤਾ ਗਿਆ। ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪੂਰੇ ਇਲਾਕੇ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਟੀਮਾਂ ਨੂੰ ਰਵਾਨਾ ਕੀਤਾ ਗਿਆ ਤੇ ਹਰ ਟੀਮ ਲੱਗਪੱਗ 20 ਪਿੰਡਾਂ ’ਚ ਬੱਝਵੀਂ ਪੋਸਟਰ/ਪਰਚਾਰ ਮੁਹਿੰਮ ਪੂਰੀ ਕਰੇਗੀ। ਇਸ ਸਮੇਂ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ, ਸੁਰਿੰਦਰ ਜਲਾਲਦੀਵਾਲ, ਕੁਲਵੰਤ ਰਾਏ ਪੰਡੋਰੀ, ਪ੍ਰੀਤਮ ਦਰਦੀ, ਜਰਨੈਲ ਸਿੰਘ ਚੰਨਣਵਾਲ, ਗੁਰਮੇਲ ਸਿੰਘ ਠੁੱਲੀਵਾਲ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੁੱਕੂ ਅਤੇ ਗੁਰਦੇਵ ਸਿੰਘ ਮਹਿਲ ਖੁਰਦ ਨੇ ਕਿਹਾ ਕਿ 24 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਤੋਂ ਸ਼ੁਰੂ ਹੋਈ ਔਰਤ ਜਬਰ ਵਿਰੋਧੀ ਜੰਗ ਹੋਰ ਵਧੇਰੇ ਜੋਸ਼ ਨਾਲ ਜਾਰੀ ਹੈ ਤੇ ਇਸ ਵਾਰ ਇਹ ਜੰਗ ਮੌਜੂਦਾ ਦੌਰ ’ਚ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰ ਦਿੱਤੀ ਹੈ।