ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 31 ਅਕਤੂਬਰ
ਫ਼ਸਲਾਂ ਦਾ ਪੂਰਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬੇ ਭਰ ਵਿੱਚ ਸੱਤਾਧਾਰੀ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਤੇ ਨੁਮਾਇੰਦਿਆਂ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ’ਤੇ ਜਥੇਬੰਦੀ ਵੱਲੋਂ ਭਗਤਾ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ ਦੀ ਅਗਵਾਈ ਹੇਠ ਪਿੰਡ ਜਲਾਲ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਮੁਤਾਬਕ ਪਿੰਡ ਜਲਾਲ ਵਿੱਚ ਵਿਧਾਇਕ ਕਾਂਗੜ ਦੇ ਆਉਣ ਦਾ ਪ੍ਰੋਗਰਾਮ ਸੀ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੋਠਾ ਸਿੰਘ ਕੋਟੜਾ ਤੇ ਔਰਤ ਆਗੂ ਮਾਲਣ ਕੌਰ ਨੇ ਕਿਹਾ ਕਿ ਜਥੇਬੰਦੀ ਦੇ ਫੈ਼ਸਲੇ ਅਨੁਸਾਰ ਜਿੰਨਾ ਸਮਾਂ ਸੂਬਾ ਸਰਕਾਰ ਢੁੱਕਵਾਂ ਮੁਆਵਜ਼ਾ ਨਹੀਂ ਦਿੰਦੀ, ਉੱਨਾ ਸਮਾਂ ਹਾਕਮ ਧਿਰ ਦੇ ਕਿਸੇ ਨੁਮਾਇੰਦੇ ਨੂੰ ਪਿੰਡਾਂ ’ਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਰਮੇ ਦੇ ਨਿਗੁਣੇ ਮੁਆਵਜ਼ੇ ਦੇ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸੇ ਦੌਰਾਨ ਕਿਸਾਨਾਂ ਦੇ ਮੁਜ਼ਾਹਰੇ ਤੋਂ ਬਾਅਦ ਵਿਧਾਇਕ ਕਾਂਗੜ ਪਿੰਡ ਵਿੱਚ ਬਿਜਲੀ ਬਕਾਇਆ ਦੀ ਮੁਆਫ਼ੀ ਸਬੰਧੀ ਲਗਾਏ ਕੈਂਪ ਵਿੱਚ ਪਹੁੰਚੇ। ਸਰਪੰਚ ਪਰਮਿੰਦਰ ਸਿੰਘ ਗੋਂਦਾਰਾ ਦਾ ਕਹਿਣਾ ਸੀ ਕਿ ਸ੍ਰੀ ਕਾਂਗੜ ਆਪਣੇ ਮਿੱਥੇ ਸਮੇਂ ਅਨੁਸਾਰ ਸਾਢੇ ਤਿੰਨ ਵਜੇ ਕੈਂਪ ਵਿੱਚ ਪਹੁੰਚੇ ਜਦਕਿ ਦੂਸਰੇ ਪਾਸੇ ਕਿਸਾਨ ਆਗੂ ਜਸਪਾਲ ਪਾਲਾ ਨੇ ਕਿਹਾ ਕਿ ਵਿਧਾਇਕ ਕਾਂਗੜ ਕਿਸਾਨਾਂ ਦੇ ਸਖ਼ਤ ਵਿਰੋਧ ਕਾਰਨ ਮੁਜ਼ਾਹਰੇ ਤੋਂ ਬਾਅਦ ਘਚਾਨੀ ਦੇ ਕੇ ਪਹੁੰਚੇ। ਇਸ ਦੌਰਾਨ ਪਿੰਡ ਕੇਸਰ ਸਿੰਘ ਵਾਲਾ ਵਿੱਚ ਬੀਕੇਯੂ (ਉਗਰਾਹਾਂ) ਵੱਲੋਂ ਵਿਧਾਇਕ ਕਾਂਗੜ ਦੇ ਪੁੱਤਰ ਤੇ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਚੇਅਰਮੈਨ ਹਰਮਨਵੀਰ ਸਿੰਘ ਜੈਸੀ ਕਾਂਗੜ ਜੋ ਕਿ ਬਿਜਲੀ ਬਕਾਇਆ ਦੀ ਮੁਆਫ਼ੀ ਸਬੰਧੀ ਆਏ ਸਨ, ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।