ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਜੁਲਾਈ
ਪਿੰਡ ਭੁੱਚੋ ਖੁਰਦ ਦੇ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਏਅਰਟੈੱਲ ਕੰਪਨੀ ਵੱਲੋਂ ਸੰਘਣੀ ਆਬਾਦੀ ਵਿੱਚ ਲਗਾਏ ਜਾ ਰਹੇ ਟਾਵਰਾਂ ਖ਼ਿਲਾਫ਼ ਪਿੰਡ ਦੇ ਬੱਸ ਅੱਡੇ ਨਜ਼ਦੀਕ ਕੌਮੀ ਮਾਰਗ ਦੀ ਸਰਵਿਸ ਰੋਡ ’ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਕੰਪਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਪਿੰਡ ਇਕਾਈ ਪ੍ਰਧਾਨ ਬੇਅੰਤ ਸਿੰਘ, ਆਗੂ ਮੰਦਰ ਸਿੰਘ ਨਾਗਰਾ, ਜੱਗਾ ਸਿੰਘ, ਚਰਨਜੀਤ ਕੌਰ, ਹਰਵਿੰਦਰ ਕੌਰ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਏਅਰਟੈੱਲ ਕੰਪਨੀ ਵੱਲੋਂ ਪਿੰਡ ਭੁੱਚੋ ਖੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਅਤੇ ਭੁੱਚੋ ਮੰਡੀ ਵਿੱਚ ਐਫਸੀਆਈ ਗੁਦਾਮ ਦੇ ਸਾਹਮਣੇ ਸੰਘਣੀ ਆਬਾਦੀ ਵਿੱਚ ਮੋਬਾਈਲ ਟਾਵਰ ਲਗਾਏ ਜਾ ਰਹੇ ਹਨ। ਇਨ੍ਹਾਂ ਟਾਵਰਾਂ ਦੀਆਂ ਖਤਰਨਾਕ ਕਿਰਨਾਂ ਦਾ ਵਿਦਿਆਰਥੀਆਂ ਅਤੇ ਆਮ ਲੋਕਾਂ ’ਤੇ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟਾਵਰਾਂ ਨੂੰ ਕਿਸੇ ਵੀ ਕੀਮਤ ’ਤੇ ਸੰਘਣੀ ਆਬਾਦੀ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ। ਇਨ੍ਹਾਂ ਦਾ ਕੰਮ ਬੰਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਦੋਵੇਂ ਥਾਵਾਂ ਤੋਂ ਟਾਵਰ ਹਟਾਏ ਜਾਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਮੋਰਚੇ ਵਿੱਚ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ।