ਪੱਤਰ ਪ੍ਰੇਰਕ
ਅਜੀਤਵਾਲ, 7 ਅਗਸਤ
ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਵੱਲੋਂ ਨਾਵਲਕਾਰ ਹਰੀ ਸਿੰਘ ਢੁੱਡੀਕੇ ਦੀ ਨਵੀਂ ਪੁਸਤਕ ਭਗਤ ਰਵਿਦਾਸ-ਜੀਵਨ ਤੇ ਵਿਚਾਰਧਾਰਾ ਗੁਰਦੁਆਰਾ ਭਗਤ ਰਵੀਦਾਸ ਚੂਹੜਚੱਕ ਮੋੜ ਵਿੱਚ ਲੋਕ ਅਰਪਣ ਕੀਤੀ ਗਈ। ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਮਾਸਟਰ ਹਰੀ ਸਿੰਘ ਢੁੱਡੀਕੇ ਇਤਿਹਾਸ ’ਤੇ ਪੁਸਤਕਾਂ ਲਿਖਦੇ ਹਨ, ਇਹ ਬਹੁਤ ਔਖਾ ਕਾਰਜ ਹੈ। ਇਸ ਲਈ ਬਹੁਤ ਅਧਿਐਨ ਦੀ ਲੋੜ ਪੈਂਦੀ ਹੈ। ਭਗਤ ਰਵੀਦਾਸ ਜੀ ਨੇ ਉਨ੍ਹਾਂ ਸਮਿਆਂ ਵਿੱਚ ਜਦੋਂ ਵਹਿਮ, ਭਰਮ, ਪਾਖੰਡਵਾਦ, ਜਾਤ ਪਾਤ ਊਚ ਨੀਚ ਦਾ ਬੋਲਬਾਲਾ ਸੀ, ਆਵਾਜ਼ ਉਠਾਈ ਸੀ। ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਤੇ ਪ੍ਰਿੰਸੀਪਲ ਬਲਦੇਵ ਬਾਵਾ ਸਰਪ੍ਰਸਤ ਲੇਖਕ ਪਾਠਕ ਮੰਚ ਨੇ ਕਿਹਾ ਮਾਸਟਰ ਹਰੀ ਸਿੰਘ ਨੇ ਹਮੇਸ਼ਾ ਸਾਰਥਕ ਪੁਸਤਕਾਂ ਹੀ ਲਿਖੀਆਂ। ਮੰਚ ਦੀਆਂ ਮੈਂਬਰਾਨ ਰਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਵਿੰਦਰ ਕੌਰ, ਰਤਨਜੋਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮਾਸਟਰ ਹਰੀ ਸਿੰਘ ਨੇ ਆਪਣੀ ਪੁਸਤਕ ਵਿਚੋਂ ਹਵਾਲੇ ਦੱਸ ਕੇ ਭਗਤ ਰਵੀਦਾਸ ਜੀ ਦੀ ਵਿਚਾਰਧਾਰਾ ਬਾਰੇ ਦੱਸਿਆ। ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਸਟੇਜ ਦੀ ਕਾਰਵਾਈ ਨਿਭਾਈ।