ਹੁਸ਼ਿਆਰ ਸਿੰਘ ਘਟੋੜਾ
ਰਾਮਾਂ ਮੰਡੀ, 5 ਦਸੰਬਰ
ਕੁਝ ਸਮਾਂ ਪਹਿਲਾਂ ਪਨਗਰੇਨ ਖਰੀਦ ਏਜੰਸੀ ਵਲੋਂ ਫਰਜ਼ੀ ਸੁਰੱਖਿਆ ਗਾਰਡ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਮੇ ਇਸ ਸਾਰੇ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਸੀ। ਦਲਜੀਤ ਸਿੰਘ ਵਾਸੀ ਰਾਮਾਂ ਮੰਡੀ ਨੇ ਘੁਟਾਲੇ ਸਬੰਧੀ ਵਿਜੀਲੈਂਸ ਵਿਭਾਗ ਵਲੋਂ ਢਿੱਲੀ ਜਾਂਚ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2014-15 ਵਿੱਚ ਮਾਲ ਦੀ ਢੋਆ-ਢੁਆਈ ਦੀ ਰਾਖੀ ਲਈ ਖਰੀਦ ਏਜੰਸੀ ਦੇ ਸਥਾਨਕ ਅਧਿਕਾਰੀਆਂ ਨੇ ਸਿਰਫ ਦਸ ਸੁਰੱਖਿਆ ਗਾਰਡ ਸਾਲ ਲਈ ਰੱਖੇ ਸਨ ਜਦੋਂ ਕਿ ਸਰਕਾਰੀ ਰਿਕਾਰਡ ਵਿਚ ਨਿਯੁਕਤੀਆਂ 40 ਸਕਿਓਰਿਟੀ ਗਾਰਡਾਂ ਦੀਆਂ ਵਿਖਾਈਆਂ ਗਈਆਂ ਸਨ ਅਤੇ ਇਹ ਸਿਲਸਿਲਾ ਲਗਾਤਾਰ ਕਈ ਸਾਲ ਜਾਰੀ ਰਿਹਾ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ 40 ਨਿਯੁਕਤੀਆਂ ਵਿੱਚ ਕਈ ਸਕਿਉਰਿਟੀ ਗਾਰਡ ਤਾਂ ਕਰੋੜਪਤੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਵਿਜੀਲੈਂਸ ਵਿਭਾਗ ਦੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਸਟਾਫ ਘੱਟ ਹੋਣ ਕਾਰਨ ਜਾਂਚ ਲੇਟ ਹੋਈ ਹੈ ਪਰ ਇਸ ਸਬੰਧੀ ਜਲਦੀ ਕਾਰਵਾਈ ਕੀਤੀ ਜਾਵੇਗੀ।