ਇਕਬਾਲ ਸਿੰਘ ਸਾਂਤ
ਲੰਬੀ, 30 ਸਤੰਬਰ
ਸਿਆਸੀ ਅੜਿੱਕਿਆਂ ਵਿਚਕਾਰ ਅੱਜ ਅਕਾਲੀ ਓਐੱਸਡੀਆਂ ਦੇ ਪਿੰਡ ਬਨਵਾਲਾ ਅੰਨੂ ਵਿੱਚ ਛੇ ਮੈਂਬਰਾਂ ਦੀ ਹਮਾਇਤ ਨਾਲ ਕੱਟੜ ਅਕਾਲੀ ਪਰਿਵਾਰ ਵਿੱਚੋਂ ਦਲਜਿੰਦਰ ਸਿੰਘ ‘ਜਿੰਦਾ’ ਨੂੰ ਸਹਿਕਾਰੀ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ। ਜਦਕਿ ਬਹੁਮਤ ਪੱਖੋਂ ਨਿਗੂਣੇ ਹੋਣ ਕਾਰਨ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਦਾ ਅਤਿ-ਨੇੜਲਾ ਸਾਥੀ ਅਤੇ ਸਹਿਕਾਰੀ ਸਭਾ ਦਾ ਮੈਂਬਰ ਗੁਰਬਾਜ਼ ਬਨਵਾਲਾ ਅਤੇ ਉਸ ਦੇ ਦੋ ਮੈਂਬਰ ਚੋਣ ਪ੍ਰਕਿਰਿਆ ਤੋਂ ਦੂਰ ਰਹੇ। ਗੁਰਬਾਜ਼ ਬਨਵਾਲਾ ਕੋਲ ਉਸ ਦੇ ਸਮੇਤ ਤਿੰਨ ਮੈਂਬਰ ਹਨ। ਦਲਜਿੰਦਰ ਸਿੰਘ ਜਿੰਦਾ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦਸ ਵਿੱਚੋਂ ਸੱਤ ਵੋਟਾਂ ਦਾ ਬਹੁਮਤ ਦੇ ਬਾਵਜੂਦ ਸੱਤਾ ਪੱਖੀ ਦਬਾਅ ਕਾਰਨ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਅਸਿੱਧੇ ਤੌਰ ’ਤੇ ਏਜੰਡਾ ਮੀਟਿੰਗ ਮੁਲਤਵੀ ਕਰਵਾਉਣਾ ਚਾਹੁੰਦੇ ਸਨ। ਦਲਜਿੰਦਰ ਸਿੰਘ ਨੂੰ ਪ੍ਰਧਾਨ ਚੁਣਨ ਸਮੇਂ ਸਭਾ ਮੈਂਬਰ ਮੇਜਰ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ, ਰਾਜਵੰਤ ਕੌਰ, ਬਲਜੀਤ ਕੌਰ ਅਤੇ ਸੁਖਪ੍ਰੀਤ ਸਿੰਘ ਨੇ ਹਮਾਇਤ ਦਿੱਤੀ। ਇਸ ਮੌਕੇ ਦਲਜਿੰਦਰ ਸਿੰਘ ਅਤੇ ਹਰਭਜਨ ਸਿੰਘ ਨੰਬਰਦਾਰ ਨੇ ਕਿਹਾ ਕਿ ਗੁਰਬਾਜ਼ ਬਨਵਾਲਾ ਪ੍ਰਧਾਨ ਬਣਨ ਦਾ ਚਾਹਵਾਨ ਸੀ। ਇਸੇ ਕਰਕੇ ਅਫ਼ਸਰ ਮੀਟਿੰਗ ਰੱਦ ਕਰਨਾ ਚਾਹੁੰਦੇ ਸਨ। ਗੁਰਬਾਜ਼ ਬਨਵਾਲਾ ਨੇ ਕਿਹਾ ਕਿ ਉਹ ਪ੍ਰਧਾਨਗੀ ਦੀ ਦੌੜ ਵਿੱਚ ਨਹੀਂ ਸੀ। ਇਹ ਭਾਈਚਾਰੇ ਦੀ ਚੋਣ ਸੀ। ਇਸ ਨੂੰ ਅਕਾਲੀ ਦਲ ਅਤੇ ਕਾਂਗਰਸ ਨੇ ਰਲ ਕੇ ਸਰਬਸੰਮਤੀ ਤੋਂ ਬਹੁਮਤ ਵੱਲ ਮੋੜ ਦਿੱਤਾ। ਗੁਰਬਾਜ਼ ਸਿੰਘ ਨੇ ਕਿਹਾ ਕਿ ਸਭਾ ਦੀ ਚੋਣ ’ਤੇ ਸੁਆਲ ਉਠਾਉਂਦੇ ਇੱਕ ਮੈਂਬਰ ਨੇ ਪਟੀਸ਼ਨ ਪਾਈ ਹੈ।